ਚੰਡੀਗੜ੍ਹ, 11 ਫਰਵਰੀ 2023: ਤਜਿੰਦਰਪਾਲ ਸਿੰਘ ਤੂਰ (Tajinderpal Singh Toor) ਨੇ ਏਸ਼ੀਅਨ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ 2023 ਵਿੱਚ ਸ਼ਾਟ-ਪੁੱਟ ਵਿੱਚ ਸੋਨ ਤਮਗਾ ਜਿੱਤਿਆ ਹੈ। ਆਊਟਡੋਰ ਸ਼ਾਟ ਪੁਟ ਵਿੱਚ ਰਾਸ਼ਟਰੀ ਰਿਕਾਰਡ ਰੱਖਣ ਵਾਲੇ ਤਜਿੰਦਰ ਨੇ ਇਨਡੋਰ ਮੁਕਾਬਲੇ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਜ਼ਾਕਿਸਤਾਨ ਦੇ ਅਸਤਾਨਾ ਵਿੱਚ ਚੱਲ ਰਹੇ ਮੁਕਾਬਲੇ ਵਿੱਚ ਤਜਿੰਦਰਪਾਲ ਤੂਰ ਨੇ 19.49 ਮੀਟਰ ਦਾ ਆਪਣਾ ਸਰਵੋਤਮ ਇਨਡੋਰ ਥ੍ਰੋਅ ਕਰਕੇ ਸੋਨ ਤਮਗਾ ਜਿੱਤਿਆ।
ਤਜਿੰਦਰਪਾਲ ਸਿੰਘ ਤੂਰ (Tajinderpal Singh Toor) ਨੇ 2018 ਵਿੱਚ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਹ 2019 ਦਾ ਆਊਟਡੋਰ ਏਸ਼ੀਅਨ ਚੈਂਪੀਅਨ ਰਹਿ ਚੁੱਕਾ ਹੈ ਅਤੇ ਉਸਨੇ 2018 ਵਿੱਚ ਤਹਿਰਾਨ ਵਿੱਚ ਚੈਂਪੀਅਨਸ਼ਿਪ ਦੇ ਪਿਛਲੇ ਐਡੀਸ਼ਨ ਵਿੱਚ 19.18 ਮੀਟਰ ਥ੍ਰੋਅ ਨਾਲ ਚਾਂਦੀ ਦਾ ਤਮਗਾ ਜਿੱਤਿਆ ਸੀ।
ਸ਼ੁੱਕਰਵਾਰ ਨੂੰ ਤਜਿੰਦਰਪਾਲ ਤੂਰ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਫਾਊਲ ਕੀਤਾ, ਪਰ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਸੋਨ ਤਮਗਾ ਜਿੱਤਣ ਲਈ ਆਪਣੀ ਤੀਜੀ ਅਤੇ ਪੰਜਵੀਂ ਕੋਸ਼ਿਸ਼ ਵਿੱਚ 19.49 ਮੀਟਰ ਸੁੱਟ ਦਿੱਤਾ। ਕਰਨਵੀਰ ਸਿੰਘ 19 ਮੀਟਰ ਦਾ ਅੰਕੜਾ ਪਾਰ ਕਰਨ ਵਾਲਾ ਦੂਜਾ ਅਥਲੀਟ ਸੀ। ਉਹ 19.37 ਮੀਟਰ ਦੇ ਸਰਵੋਤਮ ਥ੍ਰੋਅ ਨਾਲ ਦੂਜੇ ਸਥਾਨ ‘ਤੇ ਰਿਹਾ। ਕਜ਼ਾਕਿਸਤਾਨ ਦੇ ਇਵਾਨ ਇਵਾਨੋਵ ਨੇ 18.10 ਥਰੋਅ ਨਾਲ ਕਾਂਸੀ ਦੇ ਤਮਗੇ ‘ਤੇ ਕਬਜ਼ਾ ਕੀਤਾ ਹੈ ।