ਚੰਡੀਗੜ੍ਹ, 27 ਸਤੰਬਰ 2023: ਨੇਪਾਲ (Nepal) ਦੀ ਪੁਰਸ਼ ਟੀਮ ਨੇ ਬੁੱਧਵਾਰ ਨੂੰ ਮੰਗੋਲੀਆ ਖ਼ਿਲਾਫ਼ ਏਸ਼ੀਆਈ ਖੇਡਾਂ ਦੇ ਗਰੁੱਪ ਮੈਚ ਦੌਰਾਨ ਇਤਿਹਾਸ ਰਚ ਦਿੱਤਾ ਹੈ । ਨੇਪਾਲ ਨੇ ਹਾਂਗਜ਼ੂ ‘ਚ ਹੀ ਪੁਰਸ਼ ਕ੍ਰਿਕਟ ਦੇ ਸ਼ੁਰੂਆਤੀ ਮੈਚ ‘ਚ ਟੀ-20 ਕ੍ਰਿਕਟ ਦੇ ਕਈ ਰਿਕਾਰਡ ਤੋੜ ਦਿੱਤੇ।ਨੇਪਾਲ ਨੇ 20 ਓਵਰਾਂ ਵਿੱਚ 314/3 ਦਾ ਸ਼ਾਨਦਾਰ ਸਕੋਰ ਬਣਾਇਆ ਅਤੇ ਟੀ-20 ਕ੍ਰਿਕਟ ਵਿੱਚ 300 ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਟੀਮ ਬਣ ਗਈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਪਹਿਲਾਂ ਹੀ ਪੁਸ਼ਟੀ ਕੀਤੀ ਸੀ ਕਿ ਏਸ਼ੀਆਈ ਖੇਡਾਂ ਦੇ ਮੈਚਾਂ ਨੂੰ ਅੰਤਰਰਾਸ਼ਟਰੀ ਟੀ-20 ਦਾ ਦਰਜਾ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਦੀਪੇਂਦਰ ਸਿੰਘ ਐਰੀ ਨੇ ਟੀ-20 ਦੇ ਸਭ ਤੋਂ ਤੇਜ਼ ਅਰਧ ਸੈਂਕੜੇ ਦੇ ਯੁਵਰਾਜ ਸਿੰਘ ਦੇ ਲੰਬੇ ਸਮੇਂ ਤੋਂ ਚੱਲ ਰਹੇ ਰਿਕਾਰਡ ਨੂੰ ਤੋੜ ਦਿੱਤਾ। ਯੁਵਰਾਜ ਨੇ 2007 ਵਿਸ਼ਵ ਕੱਪ ਦੌਰਾਨ ਇੰਗਲੈਂਡ ਖ਼ਿਲਾਫ਼ 12 ਗੇਂਦਾਂ ‘ਚ ਅਰਧ ਸੈਂਕੜਾ ਲਗਾਇਆ ਸੀ। ਇਸੇ ਪਾਰੀ ਵਿੱਚ ਉਸ ਨੇ ਇੱਕ ਓਵਰ ਵਿੱਚ ਛੇ ਛੱਕੇ ਜੜੇ। ਜਦੋਂ ਕਿ ਦੀਪੇਂਦਰ ਸਿੰਘ ਐਰੀ ਨੇ ਸਿਰਫ਼ ਨੌਂ ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ 10 ਗੇਂਦਾਂ ‘ਤੇ 52 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ‘ਚੋਂ 48 ਦੌੜਾਂ ਛੱਕਿਆਂ ਨਾਲ ਆਈਆਂ।
ਕੁਸ਼ਾਲ ਮੱਲਾ ਨੇ ਟੀ-20 ਦਾ ਸਭ ਤੋਂ ਤੇਜ਼ ਸੈਂਕੜਾ ਜੜ ਕੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਦੱਖਣੀ ਅਫਰੀਕਾ ਦੇ ਸਟਾਰ ਬੱਲੇਬਾਜ਼ ਡੇਵਿਡ ਮਿਲਰ ਨੂੰ ਪਿੱਛੇ ਛੱਡ ਦਿੱਤਾ ਹੈ। ਕੁਸ਼ਾਲ ਨੇ ਸਿਰਫ 34 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ। ਜਦਕਿ ਰੋਹਿਤ ਅਤੇ ਮਿਲਰ ਨੇ 35 ਗੇਂਦਾਂ ‘ਚ ਸੈਂਕੜੇ ਲਗਾਏ। ਮੱਲਾ ਨੇ 8 ਚੌਕੇ ਅਤੇ 12 ਛੱਕੇ ਲਗਾਏ ਅਤੇ ਸਿਰਫ 50 ਗੇਂਦਾਂ ‘ਤੇ 137 ਦੌੜਾਂ ਬਣਾ ਕੇ ਨਾਬਾਦ ਰਹੇ।
ਟੀਮ ਸਕੋਰ ਵਿਰੋਧੀ ਟੀਮ ਸਾਲ
ਨੇਪਾਲ 314/4 ਮੰਗੋਲੀਆ (2023)
ਅਫਗਾਨਿਸਤਾਨ 278/3 ਆਇਰਲੈਂਡ (2019)
ਚੈੱਕ ਗਣਰਾਜ 278/4 ਤੁਰਕੀ (2019)
ਆਸਟ੍ਰੇਲੀਆ 263/3 ਸ਼੍ਰੀਲੰਕਾ (2016)
ਸ਼੍ਰੀਲੰਕਾ 260/6 ਕੀਨੀਆ (2007)
ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਮੁਕਾਬਲੇ ਦੇ ਪਹਿਲੇ ਦੌਰ ਵਿੱਚ ਤਿੰਨ-ਤਿੰਨ ਟੀਮਾਂ ਦੇ ਤਿੰਨ ਗਰੁੱਪ ਹੁੰਦੇ ਹਨ। ਹਰੇਕ ਗਰੁੱਪ ਵਿੱਚੋਂ ਚੋਟੀ ਦੀ ਰੈਂਕਿੰਗ ਵਾਲੀ ਟੀਮ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰੇਗੀ, ਜਿੱਥੇ ਭਾਰਤ, ਸ਼੍ਰੀਲੰਕਾ, ਬੰਗਲਾਦੇਸ਼, ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੀਆਂ ਟੀਮਾਂ ਟੂਰਨਾਮੈਂਟ ਵਿੱਚ ਸ਼ਾਮਲ ਹੋਣਗੀਆਂ। ਭਾਰਤ ਦੀ ਅਗਵਾਈ ਰੁਤੁਰਾਜ ਗਾਇਕਵਾੜ ਕਰਨਗੇ, ਜੋ ਹਾਲ ਹੀ ਵਿੱਚ ਆਸਟਰੇਲੀਆ ਖ਼ਿਲਾਫ਼ ਲੜੀ ਲਈ ਵਨਡੇ ਟੀਮ ਦਾ ਹਿੱਸਾ ਸਨ ਅਤੇ ਪਹਿਲੇ ਦੋ ਮੈਚ ਖੇਡੇ ਸਨ।