ਚੰਡੀਗੜ੍ਹ, 4 ਅਕਤੂਬਰ 2023: ਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ (Neeraj Chopra) ਨੇ ਲਗਾਤਾਰ ਦੂਜੀ ਵਾਰ ਏਸ਼ਿਆਈ ਖੇਡਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਹੈ। ਨੀਰਜ ਨੇ 88.88 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਸੋਨੇ ‘ਤੇ ਕਬਜ਼ਾ ਕੀਤਾ ਹੈ । ਇਸ ਦੌਰਾਨ ਭਾਰਤੀ ਕਿਸ਼ੋਰ ਜੇਨਾ (Kishore Jena) ਨੇ 87.54 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਚਾਂਦੀ ਦਾ ਤਮਗਾ ਜਿੱਤਿਆ।
ਨੀਰਜ (Neeraj Chopra) ਨੇ ਜਕਾਰਤਾ ਏਸ਼ਿਆਈ ਖੇਡਾਂ 2018 ਵਿੱਚ ਵੀ ਸੋਨ ਤਮਗਾ ਜਿੱਤਿਆ ਸੀ। ਇਸ ਦੇ ਨਾਲ ਹੀ ਕਿਸ਼ੋਰ ਦੀਆਂ ਇਹ ਪਹਿਲੀਆਂ ਏਸ਼ਿਆਈ ਖੇਡਾਂ ਹਨ ਅਤੇ ਉਨ੍ਹਾਂ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ। ਇਹ ਜੇਨਾ ਦਾ ਕਿਸੇ ਮੁਕਾਬਲੇ ਵਿੱਚ ਪਹਿਲਾ ਤਮਗਾ ਹੈ। ਜਾਪਾਨ ਦੇ ਗੇਨਕੀ ਡੀਨ 82.68 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਤੀਜੇ ਸਥਾਨ ‘ਤੇ ਰਹੇ ।
ਏਸ਼ੀਆਈ ਖੇਡਾਂ 1951 ਤੋਂ ਹੋ ਰਹੀਆਂ ਹਨ। 72 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਦੇ ਦੋ ਅਥਲੀਟਾਂ ਨੇ ਸੋਨਾ ਅਤੇ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਏਸ਼ਿਆਈ ਖੇਡਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਭਾਰਤ ਦੇ ਹੁਣ ਪੰਜ ਤਮਗੇ ਹੋ ਗਏ ਹਨ। ਇਨ੍ਹਾਂ ਦੋ ਤਮਗਿਆਂ ਤੋਂ ਪਹਿਲਾਂ ਪਾਰਸਾ ਸਿੰਘ ਨੇ 1951 ਦੀਆਂ ਦਿੱਲੀ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ, ਗੁਰਤੇਜ ਸਿੰਘ ਨੇ 1982 ਦੀਆਂ ਦਿੱਲੀ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਅਤੇ ਨੀਰਜ ਨੇ 2018 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ। ਇਸ ਦੇ ਨਾਲ ਹੀ ਇਹ ਵੀ ਪਹਿਲੀ ਵਾਰ ਹੈ ਕਿ ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਵਿੱਚ ਦੋ ਤਮਗੇ ਜਿੱਤੇ ਹਨ।