ਚੰਡੀਗੜ੍ਹ, 13 ਸਤੰਬਰ 2023: ਇਸ ਵਾਰ ਭਾਰਤੀ ਕ੍ਰਿਕਟ ਟੀਮ (Indian team) ਦੀਆਂ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਏਸ਼ਿਆਈ ਖੇਡਾਂ ਵਿੱਚ ਖੇਡਦੀਆਂ ਨਜ਼ਰ ਆਉਣਗੀਆਂ। ਚੀਨ ‘ਚ ਹੋਣ ਵਾਲੇ ਇਸ ਮੈਗਾ ਈਵੈਂਟ ਦਾ ਆਯੋਜਨ 19 ਸਤੰਬਰ ਤੋਂ 8 ਅਕਤੂਬਰ ਤੱਕ ਕੀਤਾ ਜਾਵੇਗਾ। ਭਾਰਤੀ ਪੁਰਸ਼ ਕ੍ਰਿਕਟ ਟੀਮ ਨੂੰ ਇਸ ਮੈਗਾ ਈਵੈਂਟ ਲਈ ਰਵਾਨਾ ਹੋਣ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਇੱਕ ਰੋਜ਼ਾ ਵਿਸ਼ਵ ਕੱਪ 2023 ਦੇ ਕਾਰਨ, ਬੀਸੀਸੀਆਈ ਨੇ ਏਸ਼ੀਆਈ ਖੇਡਾਂ ਲਈ ਇੱਕ ਨੌਜਵਾਨ ਟੀਮ ਦੀ ਚੋਣ ਕੀਤੀ ਹੈ। ਇਸ ਟੀਮ ਦੀ ਕਪਤਾਨੀ ਰੁਤੂਰਾਜ ਗਾਇਕਵਾੜ ਕਰ ਰਹੇ ਹਨ।
ਇਸ ਭਾਰਤੀ ਟੀਮ (Indian team) ਵਿੱਚ ਕਈ ਅਜਿਹੇ ਨੌਜਵਾਨ ਖਿਡਾਰੀ ਸ਼ਾਮਲ ਕੀਤੇ ਗਏ ਹਨ। ਇਸ ਟੀਮ ਦਾ ਹਿੱਸਾ ਰਹੇ ਤੇਜ਼ ਗੇਂਦਬਾਜ਼ ਸ਼ਿਵਮ ਮਾਵੀ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਆਈਆਂ ਹਨ। ਪਿੱਠ ਦੀ ਸੱਟ ਕਾਰਨ ਉਹ ਏਸ਼ੀਆਈ ਖੇਡਾਂ 2023 ਦੀ ਟੀਮ ਤੋਂ ਬਾਹਰ ਹੋ ਸਕਦਾ ਹੈ। ਅਜਿਹੇ ‘ਚ ਉਮਰਾਨ ਮਲਿਕ ਨੂੰ ਉਨ੍ਹਾਂ ਦੇ ਬਦਲ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ।
ਸ਼ਿਵਮ ਮਾਵੀ ਦੀ ਸੱਟ ਬਹੁਤ ਗੰਭੀਰ ਨਹੀਂ ਦੱਸੀ ਜਾ ਰਹੀ ਹੈ ਪਰ ਏਸ਼ੀਆਈ ਖੇਡਾਂ 2023 ਲਈ ਉਸ ਦੇ ਫਿੱਟ ਹੋਣ ਦੀ ਉਮੀਦ ਘੱਟ ਹੈ। ਬੀਸੀਸੀਆਈ ਜਲਦੀ ਹੀ ਸ਼ਿਵਮ ਮਾਵੀ ਦੀ ਜਗ੍ਹਾ ਉਮਰਾਨ ਮਲਿਕ ਨੂੰ ਟੀਮ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਸਕਦਾ ਹੈ। ਉਮਰਾਨ ਹਾਲ ਹੀ ‘ਚ ਵੈਸਟਇੰਡੀਜ਼ ਦੌਰੇ ‘ਤੇ ਸੀਮਤ ਓਵਰਾਂ ਦੀ ਸੀਰੀਜ਼ ‘ਚ ਭਾਰਤੀ ਟੀਮ ਦਾ ਹਿੱਸਾ ਸਨ। ਉਮਰਾਨ ਨੇ ਹੁਣ ਤੱਕ 8 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 11 ਵਿਕਟਾਂ ਲਈਆਂ ਹਨ।