ਸਪੋਰਟਸ, 17 ਸਤੰਬਰ 2025: PAK ਬਨਾਮ UAE: ਪਾਕਿਸਤਾਨ ਅੱਜ ਫੈਸਲਾ ਕਰੇਗਾ ਕਿ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਖੇਡਣਾ ਜਾਰੀ ਰੱਖਣਾ ਹੈ ਜਾਂ ਇਸ ਤੋਂ ਹਟਣਾ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਮੰਗਲਵਾਰ ਦੇਰ ਰਾਤ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਮਾਮਲਾ ਅਜੇ ਵੀ ਵਿਚਾਰ ਅਧੀਨ ਹੈ। ਪਾਕਿਸਤਾਨ ਕ੍ਰਿਕਟ ਦੇ ਹਿੱਤ ‘ਚ ਅੰਤਿਮ ਫੈਸਲਾ ਲਿਆ ਜਾਵੇਗਾ।
ਏਸ਼ੀਆ ਕੱਪ ਤੋਂ ਹਟਣ ਦੀ ਪੀ.ਸੀ.ਬੀ. ਦੀ ਕਥਿਤ ਧਮਕੀ ਨੂੰ ਲਾਗੂ ਕਰਨਾ ਆਸਾਨ ਨਹੀਂ ਹੋਵੇਗਾ। ਜੇਕਰ ਪਾਕਿਸਤਾਨ ਅਜਿਹਾ ਕਰਦਾ ਹੈ, ਤਾਂ ਪਾਕਿਸਤਾਨ ਨੂੰ ਲਗਭੱਗ 12 ਤੋਂ 16 ਮਿਲੀਅਨ ਅਮਰੀਕੀ ਡਾਲਰ (ਲਗਭਗ ₹100 ਤੋਂ 140 ਕਰੋੜ ਰੁਪਏ) ਦਾ ਨੁਕਸਾਨ ਹੋ ਸਕਦਾ ਹੈ।
ਏਸ਼ੀਅਨ ਕ੍ਰਿਕਟ ਕੌਂਸਲ (ਏ.ਸੀ.ਸੀ.) ਦੇ ਸਾਲਾਨਾ ਮਾਲੀਏ ਦਾ 75 ਫੀਸਦੀ ਪੰਜ ਟੈਸਟ ਖੇਡਣ ਵਾਲੇ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇਸ਼ਾਂ ‘ਚ ਬਰਾਬਰ ਵੰਡਿਆ ਜਾਂਦਾ ਹੈ। ਹਰੇਕ ਦੇਸ਼ ਨੂੰ ਮਾਲੀਏ ਦਾ 15 ਫੀਸਦੀ ਪ੍ਰਾਪਤ ਹੁੰਦਾ ਹੈ, ਜਦੋਂ ਕਿ ਬਾਕੀ 25 ਪ੍ਰਤੀਸ਼ਤ ਐਸੋਸੀਏਟ ਮੈਂਬਰ ਦੇਸ਼ਾਂ ‘ਚ ਵੰਡਿਆ ਜਾਂਦਾ ਹੈ।
ਇਹ ਮਾਲੀਆ ਵੱਖ-ਵੱਖ ਸਰੋਤਾਂ ਤੋਂ ਆਉਂਦਾ ਹੈ, ਜਿਸ ‘ਚ ਪ੍ਰਸਾਰਣ ਅਧਿਕਾਰ (ਟੀਵੀ ਅਤੇ ਡਿਜੀਟਲ), ਸਪਾਂਸਰਸ਼ਿਪ ਸੌਦੇ ਅਤੇ ਟਿਕਟਾਂ ਦੀ ਵਿਕਰੀ ਸ਼ਾਮਲ ਹੈ। ਪੀ.ਸੀ.ਬੀ. ਨੂੰ ਇਸ ਏਸ਼ੀਆ ਕੱਪ ਤੋਂ ਅੰਦਾਜ਼ਨ 12 ਤੋਂ 16 ਮਿਲੀਅਨ ਅਮਰੀਕੀ ਡਾਲਰ ਕਮਾਉਣ ਦੀ ਉਮੀਦ ਸੀ। ਅਜਿਹੀ ਸਥਿਤੀ ‘ਚ ਜੇਕਰ ਪਾਕਿਸਤਾਨ ਟੂਰਨਾਮੈਂਟ ਤੋਂ ਹਟ ਜਾਂਦਾ ਹੈ, ਤਾਂ ਇਹ ਇੱਕ ਵੱਡਾ ਵਿੱਤੀ ਝਟਕਾ ਸਾਬਤ ਹੋ ਸਕਦਾ ਹੈ।
ਪਾਕਿਸਤਾਨ ਨੇ ਮੰਗ ਕੀਤੀ ਸੀ ਕਿ ਪਾਈਕ੍ਰਾਫਟ ਨੂੰ ਟੂਰਨਾਮੈਂਟ ਤੋਂ ਹਟਾ ਦਿੱਤਾ ਜਾਵੇ। ਪਾਕਿਸਤਾਨ ਦਾ ਸਾਹਮਣਾ 14 ਸਤੰਬਰ ਨੂੰ ਭਾਰਤ ਨਾਲ ਹੋਇਆ ਸੀ। ਭਾਰਤੀ ਖਿਡਾਰੀਆਂ ਨੇ ਪਹਿਲਗਾਮ ਹਮਲੇ ਦੇ ਵਿਰੋਧ ਵਿੱਚ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਪੀਸੀਬੀ ਨੇ ਭਾਰਤੀ ਖਿਡਾਰੀਆਂ ਦੇ ਵਿਵਹਾਰ ਨੂੰ ਖੇਡ-ਵਿਰੋਧੀ ਦੱਸਿਆ ਅਤੇ ਪਾਈਕ੍ਰਾਫਟ ‘ਤੇ ਦੁਰਵਿਵਹਾਰ ਦਾ ਦੋਸ਼ ਲਗਾਇਆ।
Read More: latest updates in our Sports News section