ਸਪੋਰਟਸ, 19 ਜੁਲਾਈ 2025: Asia Cup 2025: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਢਾਕਾ ‘ਚ ਏਸ਼ੀਆ ਕੱਪ 2025 ਸੰਬੰਧੀ ਹੋਣ ਵਾਲੀ ਏਸ਼ੀਅਨ ਕੌਂਸਲ ਦੀ ਸਾਲਾਨਾ ਬੈਠਕ ‘ਚ ਹਿੱਸਾ ਨਹੀਂ ਲਵੇਗਾ। ਇਹ ਬੈਠਕ 24 ਜੁਲਾਈ 2025 ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਹੋਣ ਜਾ ਰਹੀ ਹੈ।
ਇਸ ਸੰਬੰਧੀ ਬੀਸੀਸੀਆਈ ਦਾ ਕਹਿਣਾ ਹੈ ਕਿ ਬੰਗਲਾਦੇਸ਼ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ, ਬੋਰਡ ਉੱਥੇ ਬੈਠਕ ‘ਚ ਸ਼ਾਮਲ ਨਹੀਂ ਹੋ ਸਕਦਾ। ਭਾਰਤ ਨੇ ਏਸੀਸੀ ਪ੍ਰਧਾਨ ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਮੋਹਸਿਨ ਨਕਵੀ ਤੋਂ ਬੈਠਕ ਦੇ ਸਥਾਨ ‘ਚ ਤਬਦੀਲੀ ਦੀ ਮੰਗ ਕੀਤੀ ਸੀ, ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।
ਚਰਚਾ ਹੈ ਕਿ ਮੋਹਸਿਨ ਨਕਵੀ ਭਾਰਤ ‘ਤੇ ਬੇਲੋੜਾ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬੀਸੀਸੀਆਈ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜਦੋਂ ਤੱਕ ਬੈਠਕ ਦਾ ਸਥਾਨ ਨਹੀਂ ਬਦਲਿਆ ਜਾਂਦਾ, ਏਸ਼ੀਆ ਕੱਪ ਬਾਰੇ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ।
ਭਾਰਤ ਇਸ ਵਾਰ ਏਸ਼ੀਆ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਇਹ ਟੂਰਨਾਮੈਂਟ ਟੀ-20 ਫਾਰਮੈਟ ‘ਚ ਖੇਡਿਆ ਜਾਵੇਗਾ। ਹੁਣ ਤੱਕ ਏਸੀਸੀ ਨੇ ਟੂਰਨਾਮੈਂਟ ਦੇ ਸ਼ਡਿਊਲ ਜਾਂ ਸਥਾਨ ਦਾ ਐਲਾਨ ਨਹੀਂ ਕੀਤਾ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਸਤੰਬਰ ‘ਚ ਕਰਵਾਇਆ ਜਾ ਸਕਦਾ ਹੈ।
ਜਿਕਰਯੋਗ ਹੈ ਕਿ 2023 ‘ਚ ਵੀ ਭਾਰਤ ਨੇ ਪਾਕਿਸਤਾਨ ਜਾ ਕੇ ਏਸ਼ੀਆ ਕੱਪ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਭਾਰਤ ਦੇ ਮੈਚ ਸ਼੍ਰੀਲੰਕਾ ‘ਚ ਹੋਏ ਸਨ। ਇਸ ਸਾਲ ਵੀ, ਅਜਿਹੀਆਂ ਅਟਕਲਾਂ ਸਨ ਕਿ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਏਸ਼ੀਆ ਕੱਪ ਤੋਂ ਹਟ ਸਕਦੀਆਂ ਹਨ, ਪਰ ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਇਨ੍ਹਾਂ ਰਿਪੋਰਟਾਂ ਨੂੰ ਕਲਪਨਾ ‘ਤੇ ਅਧਾਰਤ ਅਤੇ ਝੂਠਾ ਦੱਸਿਆ ਹੈ।
ਸ਼੍ਰੀਲੰਕਾ, ਓਮਾਨ ਅਤੇ ਅਫਗਾਨਿਸਤਾਨ ਦੇ ਕ੍ਰਿਕਟ ਬੋਰਡ ਵੀ ਭਾਰਤ ਦੇ ਨਾਲ ਹਨ ਅਤੇ ਢਾਕਾ ‘ਚ ਹੋਣ ਵਾਲੀ ਬੈਠਕ ਬਾਰੇ ਚਿੰਤਾ ਵੀ ਪ੍ਰਗਟ ਕੀਤੀ ਹੈ। ਇਸ ਦੇ ਬਾਵਜੂਦ, ਏਸੀਸੀ ਚੇਅਰਮੈਨ ਮੋਹਸਿਨ ਨਕਵੀ ਢਾਕਾ ‘ਚ ਬੈਠਕ ਕਰਵਾਉਣ ‘ਤੇ ਅੜੇ ਹਨ।