ਚੰਡੀਗੜ੍ਹ, 30 ਜਨਵਰੀ 2023: ਗੁਜਰਾਤ ਦੀ ਗਾਂਧੀਨਗਰ ਅਦਾਲਤ ਨੇ ਆਸਾਰਾਮ ਬਾਪੂ (Asaram Bapu) ਨੂੰ ਇੱਕ ਔਰਤ ਅਨੁਯਾਈ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਆਸਾਰਾਮ ਖ਼ਿਲਾਫ਼ ਇਹ ਕੇਸ 2013 ਵਿੱਚ ਦਰਜ ਹੋਇਆ ਸੀ। ਸੈਸ਼ਨ ਜੱਜ ਡੀਕੇ ਸੋਨੀ ਮੰਗਲਵਾਰ (31 ਜਨਵਰੀ) ਨੂੰ ਸਜ਼ਾ ਸੁਣਾਉਣਗੇ। ਅਦਾਲਤ ਨੇ ਆਸਾਰਾਮ ਦੀ ਪਤਨੀ ਸਮੇਤ ਛੇ ਹੋਰ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਅਹਿਮਦਾਬਾਦ ਦੇ ਚਾਂਦਖੇੜਾ ਪੁਲਿਸ ਸਟੇਸ਼ਨ ‘ਚ ਦਰਜ ਐੱਫ.ਆਈ.ਆਰ. ਮੁਤਾਬਕ ਆਸਾਰਾਮ ਨੇ 2001 ਤੋਂ 2006 ਦਰਮਿਆਨ ਔਰਤ ਨਾਲ ਕਈ ਵਾਰ ਬਲਾਤਕਾਰ ਕੀਤਾ, ਜਦੋਂ ਉਹ ਸ਼ਹਿਰ ਦੇ ਬਾਹਰਵਾਰ ਆਪਣੇ ਆਸ਼ਰਮ ‘ਚ ਰਹਿੰਦੀ ਸੀ।
ਸਰਕਾਰੀ ਵਕੀਲ ਆਰਸੀ ਕੋਡੇਕਰ ਨੇ ਸੋਮਵਾਰ ਨੂੰ ਕਿਹਾ ਕਿ ਆਸਾਰਾਮ ਨੂੰ ਭਾਰਤੀ ਦੰਡਾਵਲੀ ਦੀ ਧਾਰਾ 376 (2) (ਸੀ), 377 ਅਤੇ ਗੈਰ-ਕਾਨੂੰਨੀ ਕੈਦ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਆਸਾਰਾਮ ਇਸ ਸਮੇਂ ਬਲਾਤਕਾਰ ਦੇ ਇੱਕ ਹੋਰ ਮਾਮਲੇ ਵਿੱਚ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਬੰਦ ਹੈ।
ਜਿਕਰਯੋਗ ਹੈ ਕਿ ਅਕਤੂਬਰ 2013 ‘ਚ ਸੂਰਤ ਦੀ ਇਕ ਔਰਤ ਨੇ ਆਸਾਰਾਮ (Asaram Bapu) ਅਤੇ ਸੱਤ ਹੋਰਾਂ ‘ਤੇ ਬਲਾਤਕਾਰ ਅਤੇ ਗੈਰ-ਕਾਨੂੰਨੀ ਤੌਰ ‘ਤੇ ਨਜ਼ਰਬੰਦ ਰੱਖਣ ਦਾ ਮਾਮਲਾ ਦਰਜ ਕਰਵਾਇਆ ਸੀ। ਮੁਕੱਦਮੇ ਦੀ ਸੁਣਵਾਈ ਦੌਰਾਨ ਇੱਕ ਦੋਸ਼ੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਜੁਲਾਈ 2014 ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।