ਚੰਡੀਗੜ੍ਹ, 15 ਫਰਵਰੀ 2023: ਪੰਜਾਬ ਦੇ ਮਾਲ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ (Brahm Shankar Jimpa) ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜਿੰਨਾ ਕੰਮ 11 ਮਹੀਨਿਆਂ ਵਿਚ ਕਰ ਦਿੱਤਾ ਹੈ, ਇਸ ਦਾ 11 ਫੀਸਦੀ ਕੰਮ ਵੀ ਪਿਛਲੀਆਂ ਸਰਕਾਰਾਂ ਨੇ ਆਪਣੇ ਰਾਜ ਦੌਰਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਵਾਅਦਾ ਚੋਣਾਂ ਦੌਰਾਨ ਕੀਤੇ ਜਾਂਦੇ ਹਨ ਉਨ੍ਹਾਂ ‘ਚੋਂ ਕਿਸੇ-ਕਿਸੇ ਵਾਅਦੇ ਦੀ ਪੂਰਤੀ ਲਈ ਪਿਛਲੇ 6 ਮਹੀਨਿਆਂ ਵਿਚ ਅਸਫਲ ਯਤਨ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਹਨ ਪਰ ਮੁੱਖ ਮੰਤਰੀ ਨੇ ਚੋਣਾਂ ਦੌਰਾਨ ਜੋ ਗਾਰੰਟੀਆਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਸਨ ਉਨ੍ਹਾਂ ਦੀ ਪੂਰਤੀ ਪਹਿਲੇ ਸਾਲ ਤੋਂ ਹੀ ਕਰ ਦਿੱਤੀ ਗਈ ਹੈ।
ਜਿੰਪਾ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਿਚ ਮੁਫਤ ਬਿਜਲੀ, ਆਮ ਆਦਮੀ ਕਲੀਨਿਕ, ਕਿਸਾਨ ਭਲਾਈ, ਅਧਿਆਪਕਾਂ ਨੂੰ ਵਿਦੇਸ਼ਾਂ ‘ਚ ਟ੍ਰੇਨਿੰਗ, ਮਿਆਦ ਪੁਗਾ ਚੁੱਕੇ ਟੋਲ ਪਲਾਜ਼ਿਆਂ ਤੋਂ ਮੁਕਤੀ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ, ਸਸਤਾ ਰੇਤਾ, ਸ਼ਹੀਦਾਂ ਦਾ ਮਾਣ-ਤਾਣ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸ਼ਨ ਦੇਣ ਵਰਗੀਆਂ ਗਾਰੰਟੀਆਂ ਨੂੰ ਪਹਿਲੇ ਸਾਲ ਦੇ ਮੁੱਢਲੇ ਮਹੀਨਿਆਂ ਵਿਚ ਹੀ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਗਾਰੰਟੀਆਂ ਦੀ ਪੂਰਤੀ ਲਈ ਵੀ ਪੰਜਾਬ ਸਰਕਾਰ ਸਾਕਾਰਾਤਮਕ ਤਰੀਕੇ ਨਾਲ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਦੀ ਭਲਾਈ ਲਈ ਮਾਨ ਸਰਕਾਰ ਵਚਨਬੱਧ ਹੈ ਅਤੇ ਅਸੀਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵੱਲ ਵੱਧ ਰਹੇ ਹਾਂ।
ਬ੍ਰਮ ਸ਼ੰਕਰ ਜਿੰਪਾ (Brahm Shankar Jimpa) ਨੇ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ‘ਚੋਂ ਕੱਢਣ ਲਈ ਅਤੇ ਵਿਦੇਸ਼ਾਂ ਵਿਚ ਜਾਣ ਤੋਂ ਰੋਕਣ ਲਈ ਸੂਬੇ ਵਿਚ ਵਧੇਰੇ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ ਅਤੇ ਜ਼ਿਆਦਾ ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 11 ਮਹੀਨਿਆਂ ਵਿਚ 26,100 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ ਅਤੇ ਸੁਸ਼ਾਸ਼ਨ ਦੇਣਾ ਮਾਨ ਸਰਕਾਰ ਦੀ ਪਹਿਲ ਹੈ। ਚੰਗੀਆਂ ਸਿਹਤ ਸਹੂਲਤਾਂ ਅਤੇ ਸ਼ਾਨਦਾਰ ਸਿੱਖਿਆ ਦੇਣ ਨਾਲ ਜਿੱਥੇ ਪੰਜਾਬ ਵਾਸੀਆਂ ਦਾ ਜੀਵਨ ਪੱਧਰ ਉੱਚਾ ਹੋ ਰਿਹਾ ਹੈ, ਉੱਥੇ ਹੀ ਪ੍ਰਸ਼ਾਸ਼ਨ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਕਰਨ ਨਾਲ ਸੂਬੇ ਦੀ ਸਾਖ ਵਧੀ ਹੈ ਅਤੇ ਨਵੇਂ ਨਿਵੇਸ਼ਕਾਰ ਸੂਬੇ ‘ਚ ਜ਼ਿਆਦਾ ਸਨਅਤਾਂ ਸਥਾਪਤ ਕਰਨ ਲਈ ਦਿਲਚਸਪੀ ਦਿਖਾ ਰਹੇ ਹਨ। ਜਿੰਪਾ ਨੇ ਕਿਹਾ ਕਿ ਮਾਨ ਸਰਕਾਰ ਦੀ ਨੇਕ ਨੀਅਤ ਅਤੇ ਇਮਾਨਦਾਰੀ ਸਦਕਾ ਪੰਜਾਬ ਜਲਦ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੋਹੇਗਾ।