ਚੰਡੀਗੜ੍ਹ, 13 ਸਤੰਬਰ 2023: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਪਹੁੰਚ ਰਹੇ ਹਨ। ਉਹ ਅੰਮ੍ਰਿਤਸਰ ਵਿੱਚ ਪਹਿਲੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨਗੇ।
ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਸਭ ਤੋਂ ਪਹਿਲਾਂ ਦੁਪਹਿਰ 2 ਵਜੇ ਛੇਹਰਟਾ ਵਿੱਚ ਹਾਈਟੈਕ ਸਕੂਲ ਦੀ ਸ਼ੁਰੂਆਤ ਕਰਨਗੇ। ਅਰਵਿੰਦ ਕੇਜਰੀਵਾਲ ਨੂੰ ਸਕੂਲ ਦਾ ਦੌਰਾ ਕਰਵਾਉਣ ਤੋਂ ਬਾਅਦ ਉਹ ਸਿੱਧੇ ਰਣਜੀਤ ਐਵੀਨਿਊ ਰੈਲੀ ਵਾਲੀ ਥਾਂ ‘ਤੇ ਪਹੁੰਚਣਗੇ। ‘ਆਪ’ ਸਮਰਥਕਾਂ ਨੂੰ ਰੈਲੀ ਵਾਲੀ ਥਾਂ ‘ਤੇ ਪਹੁੰਚਣ ਲਈ 3 ਵਜੇ ਦਾ ਸਮਾਂ ਦਿੱਤਾ ਗਿਆ ਹੈ।
ਇਸ ਸੰਬੰਧੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਟਵੀਟ ਕਰਦਿਆਂ ਕਿਹਾ ਹੈ ਕਿ ਅੱਜ ਤੋਂ ਮੈਂ ਪੰਜਾਬ ਦੇ ਤਿੰਨ ਦਿਨਾਂ ਦੌਰੇ ‘ਤੇ ਹਾਂ। ਮੁਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦਾ ਪਹਿਲਾ ਸਕੂਲ ਆਫ਼ ਐਮੀਨੈਂਸ ਬਣਾਇਆ ਹੈ। ਅੱਜ ਉਨ੍ਹਾਂ ਨਾਲ ਉਸ ਦਾ ਉਦਘਾਟਨ ਕਰਾਂਗੇ। ਹੁਣ ਪੰਜਾਬ ਦੇ ਗਰੀਬ ਲੋਕਾਂ ਨੂੰ ਵੀ ਚੰਗੀ ਸਿੱਖਿਆ ਮਿਲਣ ਲੱਗੇਗੀ। ਇੱਕ ਗਰੀਬ ਬੱਚੇ ਨੂੰ ਚੰਗੀ ਸਿੱਖਿਆ ਮਿਲੇ, ਉਸ ਵਿੱਚ ਅਸੀਂ ਭਾਗੀਦਾਰ ਹੋਈਏ, ਇਸ ਤੋਂ ਵੱਡਾ ਕੋਈ ਪੁੰਨ ਦਾ ਕੰਮ ਨਹੀਂ। ਇਸ ਤੋਂ ਵੱਡਾ ਰਾਸ਼ਟਰ ਨਿਰਮਾਣ ਦਾ ਕੰਮ ਨਹੀਂ। ਮੈਂ ਅੱਜ ਉਸ ਸਕੂਲ ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਹਾਂ। ਹੁਣ ਇੱਕ ਇੱਕ ਕਰਕੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਸ਼ਾਨਦਾਰ ਬਣਾਇਆ ਜਾਵੇਗਾ |
ਇਸਦੇ ਨਾਲ ਹੀ ‘ਆਪ’ ਦੀ ਚੋਣ ਮੁਹਿੰਮ ਵੀ ਇਸ ਮੈਗਾ ਰੈਲੀ ਨਾਲ ਸ਼ੁਰੂ ਹੋਵੇਗੀ। ਖ਼ਬਰ ਹੈ ਕਿ ਇਸ ਰੈਲੀ ਤੋਂ ਪਹਿਲਾਂ ਬੇਰੁਜ਼ਗਾਰ ਪੀਟੀਆਈ ਯੂਨੀਅਨ ਦੇ ਪ੍ਰਧਾਨ ਗੁਰਲਾਬ ਸਿੰਘ ਅਤੇ ਟੈਂਕੀ ‘ਤੇ ਚੜ ਕੇ ਰੋਸ ਪ੍ਰਦਰਸ਼ਨ ਕਰਨ ਵਾਲੀ ਸਿੱਪੀ ਸ਼ਰਮਾ ਨੂੰ ਨਜਰਬੰਦ ਕਰ ਦਿੱਤਾ ਹੈ | ਪੰਜਾਬ ਪੁਲਿਸ ਨੂੰ ਖਦਸ਼ਾ ਹੈ ਕਿ ਆਪਣੇ ਸਮਰਥਕਾਂ ਨਾਲ ਪੁੱਜ ਕੇ ਇਹ ਆਗੂ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਰੈਲੀ ਵਿੱਚ ਵਿਘਨ ਪੈਦਾ ਕਰ ਸਕਦਾ ਹਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਨਜ਼ਰਬੰਦ ਕਰ ਲਿਆ ਹੈ।