July 4, 2024 8:12 pm
Vipassana

ਵਿਪਾਸਨਾ ਕੇਂਦਰ ਤੋਂ ਵਾਪਸ ਪਰਤੇ ਅਰਵਿੰਦ ਕੇਜਰੀਵਾਲ, ਜਾਣੋ ਕੀ ਹੈ ਵਿਪਾਸਨਾ ਕੇਂਦਰ ?

ਚੰਡੀਗੜ੍ਹ, 30 ਦਸੰਬਰ 2023: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ 10 ਦਿਨਾਂ ਤੋਂ ਵਿਪਾਸਨਾ (Vipassana) ਮੈਡੀਟੇਸ਼ਨ ‘ਤੇ ਸਨ ਅਤੇ ਅੱਜ ਯਾਨੀ ਸ਼ਨੀਵਾਰ ਨੂੰ ਹੀ ਵਾਪਸ ਪਰਤੇ ਹਨ । ਕੇਜਰੀਵਾਲ ਨੇ ਖੁਦ ਐਕਸ ‘ਤੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ । ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਪਣੀਆਂ ਭਵਿੱਖੀ ਯੋਜਨਾਵਾਂ ਵੀ ਦੱਸੀਆਂ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਕਿ ਉਹ ਵਿਪਾਸਨਾ ਮੈਡੀਟੇਸ਼ਨ ਤੋਂ ਵਾਪਸ ਆ ਗਏ ਹਨ ਅਤੇ ਹੁਣ ਨਵੀਂ ਊਰਜਾ ਨਾਲ ਜਨਤਾ ਦੀ ਸੇਵਾ ਕਰਨਗੇ।

ਹਾਲਾਂਕਿ ਦੂਜੇ ਪਾਸੇ ਚਰਚਾਵਾਂ ਇਹ ਵੀ ਸਨ ਕਿ ਕੀ ਅਰਵਿੰਦ ਕੇਜਰੀਵਾਲ ED ਦੀ ਰੇਡ ਤੋਂ ਬਚਣਾ ਚਾਹੁੰਦੇ ਹਨ ? ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਵਾਰ ਫਿਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਭੇਜਿਆ ਸੀ ।

ਜਿਕਰਯੋਗ ਹੈ ਕਿ ਸ਼ਰਾਬ ਨੀਤੀ ਮਾਮਲੇ ‘ਚ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ 21 ਦਸੰਬਰ ਦੀ ਤਾਰੀਖ ਦਿੱਤੀ ਸੀ। ਇਸ ਤੋਂ ਪਹਿਲਾਂ 2 ਨਵੰਬਰ ਨੂੰ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਉਦੋਂ ਵੀ ਕੇਜਰੀਵਾਲ ਈਡੀ ਦਫਤਰ ਨਹੀਂ ਪਹੁੰਚੇ ਅਤੇ ਚੋਣ ਪ੍ਰਚਾਰ ਲਈ ਮੱਧ ਪ੍ਰਦੇਸ਼ ਲਈ ਰਵਾਨਾ ਹੋ ਗਏ ਸਨ। ਜਦੋਂ ED ਨੇ ਸੰਮਨ ਭੇਜਿਆ ਤਾਂ 2 ਦਿਨ ਪਹਿਲਾਂ ਇਹ ਜਾਣਕਾਰੀ ਆਉਂਦੀ ਹੈ ਕਿ ਉਹ 19 ਦਸੰਬਰ ਤੋਂ ਵਿਪਾਸਨਾ (Vipassana) ਕੇਂਦਰ ਜਾ ਰਹੇ ਹਨ । ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਲ 2021 ਵਿੱਚ ਵੀ 10 ਦਿਨਾਂ ਲਈ ਜੈਪੁਰ ਵੈਲਨੈਸ ਸੈਂਟਰ ਗਏ ਸਨ। ਉਸ ਸਮੇਂ ਨਾ ਤਾਂ ਉਹ ਕਿਸੇ ਸਿਆਸੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ ਅਤੇ ਨਾ ਹੀ ਕਿਸੇ ‘ਆਪ’ ਆਗੂ ਨੂੰ ਮਿਲੇ। ਹੁਣ ਤੱਕ, ਪਿਛਲੇ 10 ਸਾਲਾਂ ਵਿੱਚ, ਅਰਵਿੰਦ ਕੇਜਰੀਵਾਲ ਦੇਸ਼ ਦੇ ਕਈ ਸ਼ਹਿਰਾਂ ਵਿੱਚ ਜਾ ਕੇ ਵਿਪਾਸਨਾ ਕੋਰਸ ਕਰ ਚੁੱਕੇ ਹਨ। ਹਾਲਾਂਕਿ ਕਿ ਈਡੀ ਨੇ ਦੁਬਾਰਾ ਸੰਮਨ ਜਾਰੀ ਕਰਕੇ ਸੱਦਿਆ ਹੈ |

ਕੀ ਹੈ ਵਿਪਾਸਨਾ ਕੇਂਦਰ ?

ਦਰਅਸਲ ਹੁਸ਼ਿਆਰਪੁਰ ਦੇ ਆਨੰਦਗੜ੍ਹ ਦੇ ਧੂੰਮ-ਧੱਜਾ ਵਿਪਾਸਨਾ (Vipassana) ਦੇ ਯੋਗ ਸੈਂਟਰ ‘ਚ ਕੋਰਸ ਸ਼ੁਰੂ ਕੀਤੇ ਜਾਂਦੇ ਹਨ । ਉਹ ਹਰ ਸਾਲ 10 ਦਿਨਾਂ ਲਈ ਵਿਪਾਸਨਾ ਮੈਡੀਟੇਸ਼ਨ ਕੋਰਸ ਲਈ ਜਾਂਦੇ ਹਨ। ਹੁਣ ਇਸ ਤੋਂ ਬਾਅਦ ਕਈ ਲੋਕਾਂ ਦੇ ਮੰਨਾ ‘ਚ ਇਹ ਸਵਾਲ ਹੋਵੇਗਾ ਕੀ ਵਿਪਾਸਨਾ ਹੈ ਕੀ ?

ਵਿਪਾਸਨਾ ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਣ ਲਈ ਇੱਕ ਪ੍ਰਾਚੀਨ ਭਾਰਤੀ ਧਿਆਨ ਤਕਨੀਕ ਹੈ। ਇਹ ਇੱਕ ਮਾਨਸਿਕ ਕਸਰਤ ਹੈ ਜੋ ਮਨ ਅਤੇ ਸਰੀਰ ਦੋਵਾਂ ਲਈ ਫਾਇਦੇਮੰਦ ਹੈ। ਇਹ ਭਾਰਤ ਦੀ ਸਭ ਤੋਂ ਪੁਰਾਣੀ ਧਿਆਨ ਤਕਨੀਕ ਹੈ, ਜੋ ਲਗਭਗ 2600 ਸਾਲ ਪਹਿਲਾਂ ਮਹਾਤਮਾ ਬੁੱਧ ਦੁਆਰਾ ਮੁੜ ਖੋਜੀ ਗਈ ਸੀ। ਮਹਾਤਮਾ ਬੁੱਧ ਤੋਂ ਪਹਿਲਾਂ ਵੀ ਭਾਰਤ ਵਿੱਚ ਰਿਸ਼ੀ-ਮੁਨੀ ਇਸ ਦਾ ਅਭਿਆਸ ਕਰਦੇ ਸਨ। ਵਿਪਾਸਨਾ ਕੇਂਦਰਾਂ ਵਿਖੇ 10, 20, 30, 45 ਤੇ 60 ਦਿਨਾਂ ਤੱਕ ਦਾ ਰਿਹਾਇਸ਼ੀ ਕੈਂਪ ਹੁੰਦਾ ਹੈ।

ਇਸ ਕੋਰਸ ਦਾ ਹਿੱਸਾ ਬਣਨ ਵਾਲੇ ਕੁਝ ਸਮੇਂ ਲਈ ਕਿਸੇ ਵੀ ਸੰਚਾਰ ਤੋਂ ਪਰਹੇਜ਼ ਕਰਦੇ ਹਨ। ਉਹ ਕਿਸੇ ਨਾਲ ਸੰਵਾਦ ਜਾਂ ਸੰਕੇਤਾਂ ਰਾਹੀਂ ਗੱਲ ਨਹੀਂ ਕਰ ਸਕਦੇ। ਇਸ ‘ਚ ਸਭ ਤੋਂ ਪਹਿਲਾਂ ਮੈਡੀਟੇਸ਼ਨ ਦੇ ਅਭਿਆਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਵਿਪਾਸਨਾ ਆਤਮ ਨਿਰੀਖਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਪ੍ਰਾਣਾਯਾਮ ਦਾ ਇੱਕ ਰੂਪ ਹੈ। ਇਹ ਸਵੈ-ਨਿਰੀਖਣ ਅਤੇ ਸਵੈ-ਸ਼ੁੱਧੀਕਰਨ ਦਾ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ। ਪ੍ਰਾਚੀਨ ਕਾਲ ਤੋਂ ਹੀ ਰਿਸ਼ੀ-ਮੁਨੀ ਇਸ ਧਿਆਨ ਵਿਧੀ ਦਾ ਅਭਿਆਸ ਕਰਦੇ ਆ ਰਹੇ ਹਨ। ਕਿਹਾ ਜਾਂਦਾ ਹੈ ਕਿ ਇਸ ਕੈਂਪ ਵਿੱਚ ਰਹਿਣ ਵਾਲੇ ਸਾਰੇ ਲੋਕ ਇੱਕੋ ਕਿਸਮ ਦੇ ਕੱਪੜੇ ਪਾਉਂਦੇ ਹਨ ਅਤੇ ਇੱਕੋ ਕਿਸਮ ਦਾ ਭੋਜਨ ਖਾਂਦੇ ਹਨ।

ਬਹੁਤ ਸਾਰੇ ਦੇਸ਼ਾਂ ‘ਚ ਵਿਪਾਸਨਾ (Vipassana) ਦਾ ਰੁਝਾਣ ਵਧਿਆ ਹੈ। ਮਨੋਵਿਗਿਆਨਕ ਰੋਗਾਂ ਨੂੰ ਦੂਰ ਕਰਨ ਦਾ ਇਹ ਇੱਕ ਸੌਖਾ ਢੰਗ ਦੱਸਿਆ ਜਾਂਦਾ ਹੈ। ਇਹ ਤਣਾਅ ਨੂੰ ਦੂਰ ਕਰਦਾ ਹੈ ਤੇ ਨਕਾਰਾਤਮਕ ਵਿਚਾਰਾਂ ਤੋਂ ਦੂਰ ਰੱਖਦਾ ਹੈ। ਜੇ ਮਨ ਅਤੇ ਦਿਮਾਗ ਸ਼ਾਂਤ ਤੇ ਤੰਦਰੁਸਤ ਰਹਿਣਗੇ ਤਾਂ ਉਸ ਦਾ ਅਸਰ ਸਰੀਰ ‘ਤੇ ਵੀ ਹੋਵੇਗਾ। ਵਿਪਾਸਨਾ ਕੈਂਪ ਕਿਸੇ ਵੀ ਵਿਅਕਤੀ ਲਈ ਖੁੱਲ੍ਹੇ ਹਨ ਜੋ ਇਸ ਵਿਧੀ ਨੂੰ ਸਿੱਖਣਾ ਚਾਹੁੰਦੇ ਹਨ।

ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਧਿਆਨ ਵਿਧੀਆਂ ਹਨ, ਜਿਨ੍ਹਾਂ ਵੱਲ ਲੋਕਾਂ ਦਾ ਕਾਫ਼ੀ ਰੁਝਾਨ ਵਧਿਆ ਹੈ। ਅੱਜ ਦੇ ਸਮੇਂ ਦੀ ਹੀ ਗੱਲ ਕਰੀਏ ਤਾਂ ਹਰ ਕੋਈ ਰੋਜ਼ ਦੀ ਭੱਜ ਦੌੜ ‘ਚ ਵਿਅਸਤ ਹੈ, ਲੋਕ ਖੁਦ ਲਈ ਵੀ ਸਮਾਂ ਬਹੁਤ ਮੁਸ਼ਕਿਲ ਨਾਲ ਕੱਢਦੇ ਹਨ। ਕਈ ਵਾਰ ਐਸੇ ਹਾਲਾਤ ਹੀ ਬਣ ਜਾਂਦੇ ਨੇ ਕਿ ਅਸੀਂ ਕਿਸੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਾਂ ਜਾਂ ਹੋਰ ਬਹੁਤ ਸਾਰੇ ਮਾਨਸਿਕ ਰੋਗ ਹੋ ਜਾਂਦੇ ਹਨ। ਇਨ੍ਹਾਂ ਸਭ ਤੋਂ ਛੁਟਕਾਰਾ ਪਾਉਣ ਲਈ ਫਿਰ ਲੋਕ ਇਨ੍ਹਾਂ ਪੁਰਾਤਨ ਤਕਨੀਕਾਂ ਨੂੰ ਅਪਣਾਉਂਦੇ ਹਨ। ਫਿਰ ਚਾਹੇ ਉਹ ਘਰ ਬੈਠ ਕੇ ਯੋਗਾ ਕਰਨਾ ਹੋਵੇ ਜਾਂ ਵਿਪਾਸਨਾ ਕੇਂਦਰਾਂ ‘ਚ ਜਾ ਕੇ ਧਿਆਨ ਲਾਉਣਾ ਹੋਵੇ। ਮਾਨਸਿਕ ਸ਼ਾਂਤੀ ਲਈ ਤੇ ਤੰਦਰੁਸਤੀ ਲਈ ਫਿਰ ਲੋਕ ਇਨ੍ਹਾਂ ਤਕਨੀਕਾਂ ਦਾ ਸਹਾਰਾ ਲੈਂਦੇ ਹਨ।