ਚੰਡੀਗੜ੍ਹ, 27 ਮਈ 2023: ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਕੇ. ਚੰਦਰਸ਼ੇਖਰ ਰਾਓ ਨੂੰ ਮਿਲਿਆ। ਅਰਵਿੰਦ ਕੇਜਰੀਵਾਲ ਨੇ ਇਹ ਬੈਠਕ ਕੇਂਦਰ ਸਰਕਾਰ ਦੇ ਦਿੱਲੀ ‘ਤੇ ਲਿਆਂਦੇ ਆਰਡੀਨੈਂਸ ਖਿਲਾਫ ਸਮਰਥਨ ਜੁਟਾਉਣ ਲਈ ਕੀਤੀ ਹੈ। ਮੀਟਿੰਗ ਵਿੱਚ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਵੀ ਮੌਜੂਦ ਸਨ।
ਤੇਲੰਗਾਨਾ ਦੇ ਸੀਐਮ ਕੇਸੀਆਰ ਨੇ ਦਿੱਲੀ ਸਰਕਾਰ ਖ਼ਿਲਾਫ਼ ਕੇਂਦਰ ਦੇ ਆਰਡੀਨੈਂਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪੀਐਮ ਮੋਦੀ ਆਰਡੀਨੈਂਸ ਨੂੰ ਵਾਪਸ ਲੈਣ, ਅਸੀਂ ਇਸ ਦੀ ਮੰਗ ਕਰਦੇ ਹਾਂ। ਇਹ ਸਮਾਂ ਐਮਰਜੈਂਸੀ ਦੇ ਦਿਨਾਂ ਤੋਂ ਵੀ ਮਾੜਾ ਹੈ, ਤੁਸੀਂ (ਕੇਂਦਰ) ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੇ।
ਅਰਵਿੰਦ ਕੇਜਰੀਵਾਲ (Arvind Kejriwal) ਨੇ ਇਸ ਤੋਂ ਪਹਿਲਾਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਮਹਾਰਾਸ਼ਟਰ ਵਿੱਚ ਸ਼ਿਵ ਸੈਨਾ-ਯੂਬੀਟੀ ਆਗੂ ਊਧਵ ਠਾਕਰੇ, ਐਨਸੀਪੀ ਆਗੂ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ। ਪਵਾਰ ਨਾਲ ਸਾਂਝੀ ਪ੍ਰੈੱਸ ਕਾਨਫਰੰਸ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਰਦ ਪਵਾਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਜਦੋਂ ਇਹ ਬਿੱਲ (ਦਿੱਲੀ ਸਰਕਾਰ ਵਿਰੁੱਧ ਕੇਂਦਰ ਦੇ ਆਰਡੀਨੈਂਸ ਨੂੰ ਬਦਲਣ ਲਈ) ਰਾਜ ਸਭਾ ‘ਚ ਆਵੇਗਾ ਤਾਂ ਇਸ ਨੂੰ ਉੱਥੇ ਪਾਸ ਨਹੀਂ ਹੋਣ ਦਿੱਤਾ ਜਾਵੇਗਾ। ਇਹ ਦਿੱਲੀ ਦੀ ਲੜਾਈ ਨਹੀਂ, ਪੂਰੇ ਸੰਘੀ ਢਾਂਚੇ ਦੀ ਲੜਾਈ ਹੈ।