Arshdeep Singh

Arshdeep Singh: ਅਰਸ਼ਦੀਪ ਸਿੰਘ ਟੀ-20 ਇੰਟਰਨੈਸ਼ਨਲ ਕ੍ਰਿਕਟ ‘ਚ ਭਾਰਤ ਦਾ ਦੂਜਾ ਸਭ ਤੋਂ ਸਫਲ ਗੇਂਦਬਾਜ਼ ਬਣਿਆ

ਚੰਡੀਗੜ੍ਹ, 14 ਨਵੰਬਰ 2024: IND vs SA 3rd T20 MATCH LIVE: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ ਸੈਂਚੁਰੀਅਨ ‘ਚ ਖੇਡਿਆ ਗਿਆ । ਭਾਰਤ ਨੇ ਦੱਖਣੀ ਅਫਰੀਕਾ ਨੂੰ 11 ਦੌੜਾਂ ਨਾਲ ਹਰ ਕੇ ਤੀਜਾ ਟੀ-20 ਮੈਚ ਜਿੱਤ ਲਿਆ | ਇਸਦੇ ਨਾਲ ਹੀ ਭਾਰਤ ਨੇ ਚਾਰ ਮੈਚਾਂ ਦੀ ਟੀ-20 ਸੀਰੀਜ਼ ‘ਚ 2-1 ਨਾਲ ਬੜ੍ਹਤ ਬਣਾ ਲਈ ਹੈ |

ਸੈਂਚੁਰੀਅਨ ਵਿੱਚ ਖੇਡੇ ਮੈਚ ‘ਚ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਖਰੀ ਓਵਰ ‘ਚ ਮਾਰਕੋ ਯੈਨਸਨ ਦਾ ਵਿਕਟ ਲੈ ਕੇ ਭਾਰਤ ਦੀ ਵਾਪਸੀ ਕਰਵਾਈ। ਇਸ ਨਾਲ ਅਰਸ਼ਦੀਪ ਟੀ-20 ਇੰਟਰਨੈਸ਼ਨਲ ‘ਚ ਭਾਰਤ ਦਾ ਦੂਜਾ ਸਭ ਤੋਂ ਸਫਲ ਗੇਂਦਬਾਜ਼ ਬਣ ਗਿਆ ਹੈ। ਅਰਸ਼ਦੀਪ ਸਿੰਘ (Arshdeep Singh) ਦੇ ਨਾਂ 92 ਵਿਕਟਾਂ ਹਨ ਅਤੇ ਉਨ੍ਹਾਂ ਨੇ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੂੰ ਪਿੱਛੇ ਛੱਡ ਦਿੱਤਾ ਹੈ।

ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਫਾਰਮ ‘ਚ ਚੱਲ ਰਹੇ ਹੇਨਰਿਕ ਕਲਾਸੇਨ ਨੂੰ ਆਊਟ ਕਰਕੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ। ਕਲਾਸੇਨ ਚੰਗੀ ਫਾਰਮ ‘ਚ ਸੀ ਅਤੇ ਲਗਾਤਾਰ ਵੱਡੇ ਸ਼ਾਟ ਖੇਡ ਰਿਹਾ ਸੀ ਪਰ ਅਰਸ਼ਦੀਪ (Arshdeep Singh)  ਨੇ ਉਨ੍ਹਾਂ ਨੂੰ ਆਊਟ ਕਰਕੇ ਦੱਖਣੀ ਅਫਰੀਕਾ ਨੂੰ ਛੇਵਾਂ ਝਟਕਾ ਦਿੱਤਾ ਅਤੇ ਭਾਰਤ ਦੀ ਵਾਪਸੀ ਕਰਵਾ ਦਿੱਤੀ । ਕਲਾਸੇਨ 22 ਗੇਂਦਾਂ ‘ਚ ਇੱਕ ਚੌਕੇ ਅਤੇ ਚਾਰ ਛੱਕਿਆਂ ਦੀ ਮੱਦਦ ਨਾਲ 41 ਦੌੜਾਂ ਬਣਾ ਕੇ ਆਊਟ ਹੋ ਗਏ।

ਇਸਦੇ ਨਾਲ ਹੀ ਇੰਟਰਨੈਸ਼ਨਲ ਕ੍ਰਿਕਟ ‘ਚ ਰਮਨਦੀਪ ਸਿੰਘ ਨੇ ਡੈਬਿਊ ਕੀਤਾ, ਰਮਨਦੀਪ ਨੇ ਛੱਕਾ ਮਾਰ ਕੇ ਆਪਣੇ ਇੰਟਰਨੈਸ਼ਨਲ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਹੈ | ਰਮਨਦੀਪ ਸਿੰਘ ਨੇ 15 ਦੌੜਾਂ ਦਾ ਯੋਗਦਾਨ ਪਾਇਆ |

ਇਸਦੇ ਨਾਲ ਭਾਰਤ ਲਈ ਤਿਲਕ ਵਰਮਾ ਨੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ, ਜਿਸ ਦੀ ਬਦੌਲਤ ਭਾਰਤੀ ਟੀਮ 200 ਦੌੜਾਂ ਦਾ ਅੰਕੜਾ ਪਾਰ ਕਰਨ ‘ਚ ਕਾਮਯਾਬ ਰਹੀ । ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਸ਼ੁਰੂਆਤੀ ਓਵਰ ‘ਚ ਹੀ ਸੰਜੂ ਸੈਮਸਨ ਦਾ ਵਿਕਟ ਗੁਆ ਦਿੱਤਾ ਸੀ। ਸੈਮਸਨ ਲਗਾਤਾਰ ਦੂਜੇ ਮੈਚ ਵਿੱਚ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ।

ਹਾਲਾਂਕਿ ਇਸ ਤੋਂ ਬਾਅਦ ਅਭਿਸ਼ੇਕ ਅਤੇ ਤਿਲਕ ਵਰਮਾ ਨੇ ਪਾਰੀ ਨੂੰ ਸੰਭਾਲਿਆ ਅਤੇ ਦੋਵਾਂ ਬੱਲੇਬਾਜ਼ਾਂ ਨੇ ਦੂਜੀ ਵਿਕਟ ਲਈ 107 ਦੌੜਾਂ ਦੀ ਸਾਂਝੇਦਾਰੀ ਕੀਤੀ। ਅਰਧ ਸੈਂਕੜਾ ਬਣਾਉਣ ਤੋਂ ਬਾਅਦ ਅਭਿਸ਼ੇਕ 25 ਗੇਂਦਾਂ ‘ਚ 50 ਦੌੜਾਂ ਬਣਾ ਕੇ ਆਊਟ ਹੋ ਗਏ। ਅਭਿਸ਼ੇਕ ਦੇ ਆਊਟ ਹੋਣ ਤੋਂ ਬਾਅਦ ਤਿਲਕ ਨੇ ਆਪਣੀ ਪਾਰੀ ਜਾਰੀ ਰੱਖੀ ਅਤੇ ਪਹਿਲਾਂ ਅਰਧ ਸੈਂਕੜਾ ਲਗਾਇਆ ਅਤੇ ਫਿਰ ਸੈਂਕੜਾ ਲਗਾਉਣ ‘ਚ ਵੀ ਸਫਲ ਰਹੇ।

ਤਿਲਕ ਵਰਮਾ ਨੇ 56 ਗੇਂਦਾਂ ‘ਚ ਅੱਠ ਚੌਕਿਆਂ ਅਤੇ ਸੱਤ ਛੱਕਿਆਂ ਦੀ ਮਦਦ ਨਾਲ 107 ਦੌੜਾਂ ਬਣਾਈਆਂ। ਹਾਰਦਿਕ ਪੰਡਯਾ ਨੇ 18 ਦੌੜਾਂ, ਰਿੰਕੂ ਸਿੰਘ ਨੇ ਅੱਠ ਦੌੜਾਂ ਅਤੇ ਰਮਨਦੀਪ ਸਿੰਘ ਨੇ 15 ਦੌੜਾਂ ਦਾ ਯੋਗਦਾਨ ਪਾਇਆ। ਦੱਖਣੀ ਅਫਰੀਕਾ ਲਈ ਐਂਡੀਲੇ ਸਿਮਲਾਨੇ ਅਤੇ ਕੇਸ਼ਵ ਮਹਾਰਾਜ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਮਾਰਕੋ ਜੇਨਸਨ ਨੂੰ ਇਕ ਵਿਕਟ ਮਿਲੀ।

ਦੱਖਣੀ ਅਫਰੀਕਾ ਨੇ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ, ਭਾਰਤ ਨੇ 20 ਓਵਰਾਂ ‘ਚ ਛੇ ਵਿਕਟਾਂ ’ਤੇ 219 ਦੌੜਾਂ ਬਣਾਈਆਂ | ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ ‘ਚ ਸੱਤ ਵਿਕਟਾਂ ‘ਤੇ 208 ਦੌੜਾਂ ਹੀ ਬਣਾ ਸਕੀ।

ਇਸਦੇ ਨਾਲ ਹੀ ਭਾਰਤ ਨੇ ਇਸ ਮੈਚ ‘ਚ 200 ਤੋਂ ਵੱਧ ਦਾ ਸਕੋਰ ਬਣਾ ਕੇ ਇੱਕ ਵੱਡਾ ਰਿਕਾਰਡ ਬਣਾਇਆ। ਇਸ ਸਾਲ ਇਹ ਅੱਠਵਾਂ ਮੌਕਾ ਹੈ ਜਦੋਂ ਭਾਰਤੀ ਟੀਮ ਨੇ ਟੀ-20 ‘ਚ 200 ਤੋਂ ਵੱਧ ਦਾ ਸਕੋਰ ਬਣਾਇਆ ਹੈ। ਪਿਛਲੇ ਸਾਲ 7 ਵਾਰ ਭਾਰਤੀ ਟੀਮ ਅਜਿਹਾ ਕਾਰਨਾਮਾ ਕਰ ਚੁੱਕੀ ਹੈ | ਇਸ ਜਿੱਤ ਤੋਂ ਬਾਅਦ ਟੀਮ ਦਾ ਧਿਆਨ ਹੁਣ ਚੌਥੇ ਅਤੇ ਆਖਰੀ ਮੈਚ ‘ਤੇ ਹੋਵੇਗਾ। ਇਹ ਮੈਚ 15 ਨਵੰਬਰ ਸ਼ੁੱਕਰਵਾਰ ਨੂੰ ਜੋਹਾਨਸਬਰਗ ਵਿੱਚ ਖੇਡਿਆ ਜਾਵੇਗਾ।

Scroll to Top