Delhi Police

ਦਿੱਲੀ ਪੁਲਿਸ ਵੱਲੋਂ ਮੁਕਾਬਲੇ ਤੋਂ ਬਾਅਦ ਅਰਸ਼ ਡੱਲਾ ਦੇ ਦੋ ਸਾਥੀ ਕਾਬੂ, ਮੋਗਾ ‘ਚ ਕਾਂਗਰਸੀ ਸਰਪੰਚ ਦਾ ਕੀਤਾ ਸੀ ਕਤਲ

ਚੰਡੀਗੜ੍ਹ, 12 ਅਕਤੂਬਰ, 2023: ਪੁਲਿਸ ਅਰਸ਼ ਡੱਲਾ ‘ਤੇ ਲਗਾਤਾਰ ਸ਼ਿਕੰਜਾ ਕੱਸਦੀ ਜਾ ਰਹੀ ਹੈ। ਅੱਜ ਦਿੱਲੀ ਪੁਲਿਸ (Delhi Police) ਦੀ ਸਪੈਸ਼ਲ ਸੈੱਲ ਕਾਊਂਟਰ ਇੰਟੈਲੀਜੈਂਸ ਟੀਮ ਨੇ ਇੱਕ ਮੁਕਾਬਲੇ ਤੋਂ ਬਾਅਦ ਅਰਸ਼ ਡੱਲਾ ਦੇ ਨਜ਼ਦੀਕੀ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਏਸੀਪੀ ਰਾਹੁਲ ਵਿਕਰਮ ਅਤੇ ਇੰਸਪੈਕਟਰ ਨਿਸ਼ਾਂਤ ਦਹੀਆ ਦੀ ਖੁਫੀਆ ਟੀਮ ਨੂੰ ਸੂਚਨਾ ਮਿਲੀ ਸੀ ਕਿ ਅਰਸ਼ ਡੱਲਾ ਦੇ ਦੋਵੇਂ ਕਰੀਬੀ ਸਾਥੀ ਪ੍ਰਗਤੀ ਮੈਦਾਨ ਨੇੜਿਓਂ ਲੰਘਣਗੇ, ਜਿਸ ਤੋਂ ਬਾਅਦ ਜਾਲ ਵਿਛਾਇਆ ਗਿਆ।

ਜਾਣਕਾਰੀ ਅਨੁਸਾਰ ਇਸ ਦੌਰਾਨ ਦੋਵਾਂ ਬਦਮਾਸ਼ਾਂ ਨੇ ਸਪੈਸ਼ਲ ਸੈੱਲ ਦੀ ਟੀਮ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ ਗਿਆ। ਸਪੈਸ਼ਲ ਸੈੱਲ (Delhi Police) ਮੁਤਾਬਕ ਫੜੇ ਗਏ ਦੋਵੇਂ ਬਦਮਾਸ਼ਾਂ ਦੇ ਕਬਜ਼ੇ ‘ਚੋਂ ਇਕ ਹੈਂਡ ਗ੍ਰਨੇਡ ਬਰਾਮਦ ਹੋਇਆ ਹੈ। ਦੋਵਾਂ ਕੋਲੋਂ ਇੱਕ ਪਿਸਤੌਲ ਅਤੇ 5 ਰੌਂਦ ਕਾਰਤੂਸ ਵੀ ਬਰਾਮਦ ਹੋਏ ਹਨ। ਫੜੇ ਗਏ ਦੋ ਬਦਮਾਸ਼ਾਂ ਦੀ ਪਛਾਣ ਕਿਸ਼ਨ ਅਤੇ ਗੁਰਿੰਦਰ ਵਜੋਂ ਹੋਈ ਹੈ। ਦੋਵੇਂ ਪੰਜਾਬ ਦੇ ਮੋਗਾ ਵਿੱਚ ਹਾਲ ਹੀ ਵਿੱਚ ਕਾਂਗਰਸੀ ਸਰਪੰਚ ਬੱਲੀ ਦੇ ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਸਨ।

ਕਿਸ਼ਨ ਅਤੇ ਗੁਰਿੰਦਰ ਦੋਵੇਂ ਪੰਜਾਬ ਦੇ ਵਸਨੀਕ ਹਨ ਅਤੇ ਅਰਸ਼ ਡੱਲਾ ਦੇ ਕਹਿਣ ‘ਤੇ ਉਨ੍ਹਾਂ ਨੇ ਹਾਲ ਹੀ ‘ਚ ਇਕ ਕਾਂਗਰਸੀ ਸਰਪੰਚ ਦੇ ਘਰ ਦਾਖਲ ਹੋ ਕੇ ਉਸ ਦਾ ਕਤਲ ਕਰ ਦਿੱਤਾ ਸੀ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵੇਂ ਰਾਜਸਥਾਨ ‘ਚ ਲੁਕੇ ਹੋਏ ਸਨ ਅਤੇ ਫਿਰ ਦਿੱਲੀ ‘ਚ ਆਪਣਾ ਅੱਡਾ ਤਿਆਰ ਕਰਨ ਜਾ ਰਹੇ ਸਨ। ਦੋਵਾਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਇਹ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ |

Scroll to Top