Tricolor

PM ਮੋਦੀ ਦਾ ਅਗਲੀ ਵਾਰ ਫਿਰ ਤਿਰੰਗਾ ਲਹਿਰਾਉਣ ਵਾਲੇ ਬਿਆਨ ‘ਚ ਹੰਕਾਰ ਦਿੱਖ ਰਿਹੈ: ਮਲਿਕਾਰਜੁਨ ਖੜਗੇ

ਚੰਡੀਗੜ੍ਹ, 15 ਅਗਸਤ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਬਿਆਨ ‘ਤੇ ਸਿਆਸਤ ਸ਼ੁਰੂ ਹੋ ਗਈ ਹੈ ਕਿ ਅਗਲੀ ਵਾਰ ਉਹ ਲਾਲ ਕਿਲੇ ‘ਤੇ ਤਿਰੰਗਾ (Tricolor) ਲਹਿਰਾਉਣਗੇ। ਦਰਅਸਲ, ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਤੋਂ ਆਸ਼ੀਰਵਾਦ ਮੰਗਿਆ ਅਤੇ ਕਿਹਾ, ‘ਜਦੋਂ ਦੇਸ਼ 2047 ਵਿੱਚ 100 ਸਾਲ ਦੀ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਹੋਵੇਗਾ ਤਾਂ ਸਾਡੇ ਦੇਸ਼ ਦਾ ਤਿਰੰਗਾ ਦੁਨੀਆ ਵਿੱਚ ਇੱਕ ਵਿਕਸਤ ਦੇਸ਼ ਦੀ ਪਛਾਣ ਦੇ ਨਾਲ ਲਹਿਰਾਇਆ ਜਾਣਾ ਚਾਹੀਦਾ ਹੈ। ਇਸ ਦੇ ਲਈ ਉਨ੍ਹਾਂ ਨੇ ਆਉਣ ਵਾਲੇ 5 ਸਾਲਾਂ ਨੂੰ ਮਹੱਤਵਪੂਰਨ ਦੱਸਿਆ ਅਤੇ ਦਾਅਵਾ ਕੀਤਾ ਕਿ 2024 ‘ਚ ਉਹ ਲਾਲ ਕਿਲੇ ‘ਤੇ ਤਿਰੰਗਾ ਲਹਿਰਾਉਣਗੇ। ਪਰ ਉਨ੍ਹਾਂ ਨੇ ਪਰਿਵਾਰਵਾਦ ਦੇ ਜ਼ਿਕਰ ਨਾਲ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੂੰ ਵੀ ਲਪੇਟ ਲਿਆ।

ਦੂਜੇ ਪਾਸੇ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਵੀ ਮਲਿਕਾਰਜੁਨ ਖੜਗੇ ਦੀ ਗੱਲ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੀ ਵਾਰ ਝੰਡਾ ਨਹੀਂ ਲਹਿਰਾਉਣਗੇ। ਇਹ ਅੰਤਿਮ ਵਾਰ ਹੈ। ਅਗਲੀ ਵਾਰ ਅਸੀਂ ਆਉਣ ਵਾਲੇ ਹਾਂ |

ਮਲਿਕਾਰਜੁਨ ਖੜਗੇ ਨੇ ਦਿੱਲੀ ‘ਚ ਕਾਂਗਰਸ ਦਫਤਰ ‘ਚ ਝੰਡਾ (Tricolor) ਲਹਿਰਾਇਆ। ਉਸ ਨੇ ਲਾਲ ਕਿਲ੍ਹੇ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਲਈ ਆਪਣੀ ਖਰਾਬ ਸਿਹਤ ਦਾ ਹਵਾਲਾ ਦਿੱਤਾ। ਖੜਗੇ ਨੇ ਕਿਹਾ ਕਿ ਮੇਰੀਆਂ ਅੱਖਾਂ ‘ਚ ਕੁਝ ਸਮੱਸਿਆ ਆ ਰਹੀ ਹੈ। ਦੂਜਾ, ਪ੍ਰੋਟੋਕੋਲ ਅਨੁਸਾਰ ਮੈਂ ਸਵੇਰੇ 9:20 ਵਜੇ ਆਪਣੇ ਘਰ ਝੰਡਾ ਲਹਿਰਾਉਣਾ ਸੀ।

ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਸ ਤੋਂ ਬਾਅਦ ਮੈਨੂੰ ਕਾਂਗਰਸ ਦਫਤਰ ਆ ਕੇ ਵੀ ਝੰਡਾ ਲਹਿਰਾਉਣਾ ਪਿਆ। ਇਸੇ ਕਰਕੇ ਮੈਂ ਲਾਲ ਕਿਲ੍ਹੇ ਨਹੀਂ ਜਾ ਸਕਿਆ। ਉੱਥੇ ਸੁਰੱਖਿਆ ਸਖ਼ਤ ਹੈ, ਇਸ ਲਈ ਪ੍ਰਧਾਨ ਮੰਤਰੀ ਦੇ ਜਾਣ ਤੋਂ ਪਹਿਲਾਂ ਕਿਸੇ ਨੂੰ ਵੀ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਲਈ ਸੁਰੱਖਿਆ ਅਤੇ ਸਮੇਂ ਦੀ ਕਮੀ ਨੂੰ ਦੇਖਦੇ ਹੋਏ ਮੈਂ ਉੱਥੇ ਨਾ ਜਾਣਾ ਹੀ ਬਿਹਤਰ ਸਮਝਿਆ।

ਖੜਗੇ ਨੇ ਕਿਹਾ ਕਿ ਹਰ ਵਿਅਕਤੀ ਕਹਿੰਦਾ ਹੈ ਕਿ ਅਸੀਂ ਅਗਲੇ ਸਾਲ ਜਿੱਤ ਕੇ ਵਾਪਸ ਆਵਾਂਗੇ, ਪਰ ਹਾਰ-ਜਿੱਤ ਲੋਕਾਂ ਦੇ ਹੱਥਾਂ ‘ਚ ਹੈ। 2023 ਵਿੱਚ ਇਹ ਕਹਿਣਾ ਕਿ ਅਸੀਂ 2024 ਵਿੱਚ ਵਾਪਸ ਆਵਾਂਗੇ, ਇਹ ਹੰਕਾਰ ਹੈ। ਜੇਕਰ ਉਹ ਆਜ਼ਾਦੀ ਦਿਵਸ ‘ਤੇ ਵੀ ਵਿਰੋਧੀ ਧਿਰ ਬਾਰੇ ਅਜਿਹੇ ਬਿਆਨ ਦਿੰਦੇ ਹਨ ਤਾਂ ਤੁਸੀਂ ਦੇਸ਼ ਦਾ ਨਿਰਮਾਣ ਕਿਵੇਂ ਕਰੋਗੇ।

Scroll to Top