ਚੰਡੀਗੜ੍ਹ 05 ਅਕਤੂਬਰ 2023: ਕਥਿਤ ਦਿੱਲੀ ਸ਼ਰਾਬ ਘਪਲੇ ਮਾਮਲੇ ‘ਚ ਆਮ ਆਦਮੀ ਪਾਰਟੀ (Aam Aadmi Party) ਦੇ ਵੱਡੇ ਆਗੂ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਵੱਲੋਂ ਹੁਣ ਕੇਂਦਰ ਸਰਕਾਰ ਦੇ ਖਿਲਾਫ ਤੇ ਈਡੀ ਦੇ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਜਿਸ ਦੇ ਚੱਲਦੇ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਉੱਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਕੈਬਿਨਟ ਮੰਤਰੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਮੋਦੀ ਸਰਕਾਰ ਦਾ ਪੁਤਲਾ ਫੂਕਿਆ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਕਿਹਾ ਕਿ ਦਿੱਲੀ ਵਿੱਚ ਕੋਈ ਸ਼ਰਾਬ ਘਪਲਾ ਨਹੀਂ ਹੈ। ਜੇਕਰ ਕੋਈ ਘਪਲਾ ਹੁੰਦਾ ਤਾਂ ਦਿੱਲੀ ਸਰਕਾਰ ਨੂੰ ਕਿਸੇ ਨਾ ਕਿਸੇ ਕਿਸਮ ਦਾ ਨੁਕਸਾਨ ਝੱਲਣਾ ਪੈਂਦਾ ਪਰ ਅਜਿਹਾ ਕੋਈ ਨਹੀਂ ਸੀ, ਜੋ ਆਪਣੇ ਆਪ ਵਿੱਚ ਇਹ ਸਾਬਤ ਕਰਦਾ ਹੈ ਕਿ ਸ਼ਰਾਬ ਨੀਤੀ ਵਿੱਚ ਕੋਈ ਘਪਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼ਰਾਬ ਨੀਤੀ ਦੀ ਇਹ ਜਾਂਚ, ਲੀਡਰਾਂ, ਠੇਕਿਆਂ ਅਤੇ ਰਿਟੇਲਰਾਂ ‘ਤੇ ਹਜ਼ਾਰਾਂ ਛਾਪੇਮਾਰੀ ਅਤੇ ‘ਆਪ’ ਆਗੂਆਂ ਅਤੇ ਕੁਝ ਕਾਰੋਬਾਰੀਆਂ ਦੀਆਂ ਗ੍ਰਿਫਤਾਰੀਆਂ, ਇਹ ਸਭ ਕੁਝ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਭਾਜਪਾ ਦੀ ਸਾਜ਼ਿਸ਼ ਹੈ | ਇਸ ਦੇ ਨਾਲ ਹੀ ਕਾਂਗਰਸ ਦਾ ਸਵਾਲ ਪੁੱਛਣ ‘ਤੇ ਕੁਲਦੀਪ ਸਿੰਘ ਧਾਲੀਵਾਲ ਪੱਤਰਕਾਰਾਂ ਦੇ ਨਾਲ ਹੀ ਉਲਝਦੇ ਹੋਏ ਨਜ਼ਰ ਆਏ |
ਦੂਜੇ ਪਾਸੇ ਅੰਮ੍ਰਿਤਸਰ ਹਲਕਾ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ ਨੇ ਕਿਹਾ ਭਾਰਤੀ ਰਾਜਨੀਤੀ ਵਿੱਚ ਭਾਜਪਾ ਦੇ ਦਿਨੋਂ-ਦਿਨ ਡਿੱਗਦੇ ਗ੍ਰਾਫ ਕਾਰਨ ਭਾਜਪਾ ਨਿਰਾਸ਼ ਅਤੇ ਬੇਚੈਨ ਹੈ। ਭਾਜਪਾ ਨੇ ਕੇਂਦਰ ਵਿੱਚ 9 ਸਾਲਾਂ ਤੋਂ ਵੱਧ ਸਮਾਂ ਰਾਜ ਕੀਤਾ ਹੈ ਪਰ ਹੁਣ ਉਹ ਆਪਣੀ ਨਫ਼ਰਤ ਦੀ ਰਾਜਨੀਤੀ, ਪੂੰਜੀਪਤੀਆਂ ਨਾਲ ਪਿਆਰ ਅਤੇ ਲੋਕ ਵਿਰੋਧੀ ਨੀਤੀਆਂ ਦਾ ਸੇਕ ਮਹਿਸੂਸ ਕਰ ਰਹੇ ਹਨ |
ਉਨ੍ਹਾਂ ਕਿਹਾ ਇਸ ਲਈ ਉਹ ਉਨ੍ਹਾਂ ਦੇ ਵਿਰੁੱਧ ਬੋਲਣ ਵਾਲੇ ਨੂੰ,ਅੱਤਿਆਚਾਰਾਂ ਅਤੇ ਤਾਨਾਸ਼ਾਹੀ ਦਾ ਵਿਰੋਧ ਕਰਨ ਵਾਲੇ ਨੂੰ ਧਮਕਾਉਣ ਅਤੇ ਦਬਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਜਾਣਦੀ ਹੈ ਕਿ ਆਉਣ ਵਾਲੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਹਾਰ ਯਕੀਨੀ ਹੈ ਇਸ ਲਈ ਉਹ ਸੀਬੀਆਈ ਅਤੇ ਈਡੀ ਰਾਹੀਂ ਵਿਰੋਧੀ ਧਿਰ ਦੇ ਆਗੂਆਂ ‘ਤੇ ਹਮਲੇ ਕਰ ਰਹੀ ਹੈ ਅੱਗੇ ਬੋਲਦੇ ਹੋਏ ਵਿਧਾਇਕ ਜੀਵਨ ਜੋਤ ਕੌਰ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਅਤੇ ਹੁਣ ਉਨ੍ਹਾਂ ਨੇ ‘ਆਪ’ (Aam Aadmi Party) ਦੇ ਇਕ ਹੋਰ ਵੱਡੇ ਆਗੂ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
ਓਹਨਾ ਨੇ ਕਿਹਾ ਕਿ ਸੰਜੇ ਸਿੰਘ ਹਮੇਸ਼ਾ ਹੀ ਭਾਜਪਾ ਸਰਕਾਰ ਅਤੇ ਉਨ੍ਹਾਂ ਦੇ ਲੋਕ ਵਿਰੋਧੀ, ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਂਦੇ ਰਹੇ ਹਨ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਬਾਰੇ ਸਵਾਲ ਪੁੱਛਿਆ ਤਾਂ ਵਿਧਾਇਕਾਂ ਨੇ ਕਿਹਾ ਨਵਜੋਤ ਸਿੰਘ ਸਿੱਧੂ ਦਾ ਸਵੇਰੇ ਬਿਆਨ ਕੁਝ ਹੋਰ ਹੁੰਦਾ ਹੈ ਅਤੇ ਸ਼ਾਮ ਨੂੰ ਬਿਆਨ ਕੁਝ ਹੋਰ ਹੁੰਦਾ ਹੈ ਇਸ ਲਈ ਉਹ ਨਵਜੋਤ ਸਿੰਘ ਸਿੱਧੂ ਦੇ ਕਿਸੇ ਵੀ ਬਿਆਨ ‘ਤੇ ਕੋਈ ਵੀ ਟਿੱਪਣੀ ਨਹੀਂ ਕਰਨਗੇ।