Imran Khan

ਇਮਰਾਨ ਖਾਨ ਖ਼ਿਲਾਫ਼ ਤੋਸ਼ਾਖਾਨਾ ਮਾਮਲੇ ‘ਚ ਗ੍ਰਿਫਤਾਰੀ ਵਾਰੰਟ ਰੱਦ, ਕੱਲ੍ਹ ਅਦਾਲਤ ‘ਚ ਹੋਣਗੇ ਪੇਸ਼

ਚੰਡੀਗੜ੍ਹ, 17 ਮਾਰਚ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਸਿਹਤ ਇਨ੍ਹੀਂ ਦਿਨੀਂ ਠੀਕ ਨਹੀਂ ਚੱਲ ਰਹੀ ਹੈ ਪਰ ਇਸ ਦੌਰਾਨ ਇਸਲਾਮਾਬਾਦ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਤੋਸ਼ਾਖਾਨਾ ਮਾਮਲੇ ‘ਚ ਗ੍ਰਿਫਤਾਰੀ ਵਾਰੰਟ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 18 ਮਾਰਚ ਨੂੰ ਹੇਠਲੀ ਅਦਾਲਤ ਵਿੱਚ ਪੇਸ਼ ਹੋਣ ਦਾ ਮੌਕਾ ਵੀ ਦਿੱਤਾ ਹੈ।

ਇਸਲਾਮਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਆਮਿਰ ਫਾਰੂਕ ਨੇ ਇਸਲਾਮਾਬਾਦ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਅਤੇ ਰਾਜਧਾਨੀ ਪੁਲਿਸ ਨੂੰ ਇਮਰਾਨ ਖ਼ਾਨ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਸਥਾਨਕ ਮੀਡੀਆ ਮੁਤਾਬਕ ਕਾਨੂੰਨੀ ਪੇਚੀਦਗੀਆਂ ‘ਚ ਉਲਝੇ ਇਮਰਾਨ ਤੋਸ਼ਾਖਾਨਾ ਮਾਮਲੇ ‘ਚ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਹਨ। ਇਸਦੇ ਨਾਲ ਹੀ ਉਸ ਦੇ ਸੈਂਕੜੇ ਸਮਰਥਕ ਉਸ ਦੇ ਘਰ ਡੇਰੇ ਲਾਏ ਹੋਏ ਹਨ, ਪੁਲਿਸ ਕਹਿ ਰਹੀ ਹੈ ਕਿ ਉਹ ਸਮਰਥਕਾਂ ਦੇ ਪਿੱਛੇ ਆਪਣੇ ਘਰ ਵਿਚ ਲੁਕਿਆ ਹੋਇਆ ਹੈ।

ਵੀਰਵਾਰ ਨੂੰ ਇਸਲਾਮਾਬਾਦ ਦੀ ਅਦਾਲਤ ਵਿੱਚ ਪੀਟੀਆਈ ਮੁਖੀ ਇਮਰਾਨ ਦੇ ਗ੍ਰਿਫ਼ਤਾਰੀ ਵਾਰੰਟ ਨੂੰ ਮੁਅੱਤਲ ਕਰਨ ਲਈ ਸੁਣਵਾਈ ਹੋਈ। ਅਦਾਲਤ ਨੇ ਗ੍ਰਿਫਤਾਰੀ ਵਾਰੰਟ ਨੂੰ ਰੱਦ ਕਰ ਦਿੱਤਾ ਪਰ ਉਸ ਨੂੰ 18 ਮਾਰਚ ਤੱਕ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਨੂੰ ਬਰਕਰਾਰ ਰੱਖਿਆ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਇਸਲਾਮਾਬਾਦ ਹਾਈ ਕੋਰਟ ‘ਚ ਇਕ ਹੋਰ ਪਟੀਸ਼ਨ ਦਾਇਰ ਕੀਤੀ ਸੀ। ਰਿਪੋਰਟਾਂ ਦੇ ਅਨੁਸਾਰ, ਪਟੀਸ਼ਨ ਵਿੱਚ, ਇਮਰਾਨ ਨੇ ਬੇਨਤੀ ਕੀਤੀ ਹੈ ਕਿ ਹੇਠਲੀ ਅਦਾਲਤ ਦੇ ਆਦੇਸ਼ ਨੂੰ ਰੱਦ ਕੀਤਾ ਜਾਵੇ ਅਤੇ ਪਟੀਸ਼ਨ ਦੇ ਅੰਤਿਮ ਨਿਪਟਾਰੇ ਤੱਕ ਉਸਦੇ ਗ੍ਰਿਫਤਾਰੀ ਵਾਰੰਟ ਨੂੰ ਮੁਅੱਤਲ ਕੀਤਾ ਜਾਵੇ, ਤਾਂ ਜੋ ਪੀਟੀਆਈ ਮੁਖੀ 18 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋ ਸਕਣ। ਸੁਣਵਾਈ ਦੌਰਾਨ, ਇਮਰਾਨ ਦੇ ਵਕੀਲ ਖਵਾਜਾ ਹੈਰਿਸ ਨੇ ਆਪਣੇ ਮੁਵੱਕਿਲ ਦੀ ਤਰਫੋਂ ਇੱਕ ਹਲਫਨਾਮਾ ਪੇਸ਼ ਕੀਤਾ, ਜਿਸ ਵਿੱਚ ਪੀਟੀਆਈ ਮੁਖੀ 18 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਭਰੋਸਾ ਦਿਵਾਇਆ ਗਿਆ।

Scroll to Top