ਉੱਤਰਾਖੰਡ, 2 ਮਈ 2024: ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਵਿਖੇ ਫੌਜ ਦੇ ਜਵਾਨ ਬਰਫ ਦੇ ਢੇਰ ਪਾਸੇ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚ ਗਏ । ਇਸ ਦੌਰਾਨ ਫੌਜ ਦੇ ਜਵਾਨ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵਲੋਂ ਬਰਫ਼ ਦੀ ਕਟਾਈ ਕਰਕੇ ਰਸਤਾ ਬਣਨ ਦੀ ਪਰਮਾਤਮਾ ਅੱਗੇ ਸ਼ੁਕਰਾਨੇ ਦੀ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਵਿਹੜੇ ਦਾ ਮੁੱਖ ਗੇਟ ਜੈਕਾਰਿਆਂ ਦੀ ਗੂੰਜ ਵਿਚ ਖੋਲ੍ਹਿਆ ਗਿਆ।
ਇਸ ਸੰਬੰਧੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਟੀਮ ਵਿਚ ਭਾਰਤੀ ਫੌਜ ਦੇ 35 ਮੈਂਬਰ ਅਤੇ ਟਰੱਸਟ ਦੇ 15 ਸੇਵਾਦਾਰ ਸ਼ਾਮਲ ਹਨ।ਉਨਾ ਨੇ ਦੱਸਿਆ ਕਿ ਸੇਵਾ ਨੂੰ ਸਮਰਪਿਤ ਇਸ ਟੀਮ ਦੀ ਅਗਲੀ ਰਣਨੀਤੀ ਤਹਿਤ ਅੱਧੇ ਲੋਕ ਪੌੜੀਆਂ ਤੋਂ ਬਰਫ਼ ਕੱਟਣਗੇ ਅਤੇ ਬਾਕੀ ਖੱਚਰਾਂ ਦੀ ਆਵਾਜਾਈ ਲਈ ਰਸਤੇ ਤੋਂ ਬਰਫ਼ ਸਾਫ਼ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਸੇਵਾ ਨੁੰ ਸਮਰਪਿਤ ਫੌਜੀ ਜਵਾਨਾਂ ਨੇ ਭਰੋਸਾ ਦਿੱਤਾ ਕਿ 25 ਮਈ ਤੱਕ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਦਰਬਾਰ ਸਾਹਿਬ ਦੇ ਦਰਵਾਜ਼ੇ 25 ਮਈ ਨੂੰ ਧੂਮਧਾਮ ਨਾਲ ਖੋਲ੍ਹੇ ਜਾਣਗੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ।