ਅੰਮ੍ਰਿਤਸਰ, 27 ਅਪ੍ਰੈਲ 2024: ਭਾਰਤ ਦੀ ਆਨ ਬਾਨ ਅਤੇ ਸ਼ਾਨ ਦੇ ਲਈ ਭਾਰਤੀ ਫੌਜ ਦੇ ਜਵਾਨ (Army soldiers) ਦੇਸ਼ ਦੀਆਂ ਵੱਖ-ਵੱਖ ਸਰਹੱਦਾਂ ਉੱਤੇ ਦਿਨ ਰਾਤ ਡਿਊਟੀ ਕਰਦੇ ਹਨ ਅਤੇ ਇਸ ਦੌਰਾਨ ਜਦੋਂ ਕੋਈ ਜਵਾਨ ਡਿਊਟੀ ਦੇ ਉੱਤੇ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ ਤਾਂ ਪਿੱਛੇ ਉਹਨਾਂ ਦੇ ਪਰਿਵਾਰ ਦੀਆਂ ਵਿਰਲਾਪ ਕਰਦੀਆਂ ਹੋਈਆਂ ਅਜਿਹੀਆਂ ਤਸਵੀਰਾਂ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।
ਇਸੇ ਤਰ੍ਹਾਂ ਭਾਰਤੀ ਫੌਜ ਦੀ ਯੂਨਿਟ15 ਸਿੱਖ ਰੈਜੀਮੈਂਟ ਵਿੱਚ ਤਾਇਨਾਤ ਹੌਲਦਾਰ ਲਖਵਿੰਦਰ ਸਿੰਘ ਜੋ ਕਿ ਅਸਾਮ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਸਨ ਅਤੇ ਕੱਲ੍ਹ ਤੜਕਸਾਰ ਡਿਊਟੀ ਦੌਰਾਨ ਸ਼ਹਾਦਤ ਪਾ ਗਿਆ | ਜਿਨ੍ਹਾਂ ਦੀ ਮ੍ਰਿਤਕ ਦੇਹ ਅੱਜ ਉਹਨਾਂ ਦੇ ਜੱਦੀ ਪਿੰਡ ਕਸਬਾ ਮਹਿਤਾ ਵਿਖੇ ਲਿਆਂਦੀ ਗਈ | ਜਿੱਥੇ ਫੌਜੀ ਟੁਕੜੀਆਂ ਵੱਲੋਂ ਉਹਨਾਂ ਨੂੰ ਸਲਾਮੀ ਭੇਂਟ ਕੀਤੀ ਗਈ ਅਤੇ ਇਸ ਦੌਰਾਨ ਦੇਸ਼ ਦੇ ਜਵਾਨ ਨੂੰ ਆਖਰੀ ਸਲਾਮ ਸਿਜਦਾ ਅਤੇ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਕੈਬਨਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਸ਼ਹੀਦ ਦੇ ਪਰਿਵਾਰ ਕੋਲ ਪੁੱਜੇ। ਇਸ ਦੌਰਾਨ ਸ਼ਹੀਦ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ |
ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਸ਼ਹੀਦ ਲਖਵਿੰਦਰ ਸਿੰਘ ਦੀ ਘਰਵਾਲੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਹਨਾਂ ਦੀ ਲਖਵਿੰਦਰ ਸਿੰਘ ਦੇ ਨਾਲ ਗੱਲ ਹੋਈ ਸੀ ਅਤੇ ਕਰੀਬ ਇੱਕ ਘੰਟਾ ਉਹਨਾਂ ਨੇ ਗੱਲਬਾਤ ਕੀਤੀ ਤੇ ਆਮ ਤੌਰ ਦੇ ਉੱਤੇ ਉਹ ਫੋਨ ਕਰਕੇ ਬੱਚਿਆਂ ਦਾ ਹਾਲ ਚਾਲ ਪੁੱਛਦੇ ਅਤੇ ਨਾਲ ਹੀ ਦੁੱਖ ਸੁੱਖ ਪੁੱਛਦੇ ਸਨ।
ਉਹਨਾਂ ਦੱਸਿਆ ਕਿ ਗੱਲਬਾਤ ਦੌਰਾਨ ਸਰਦਾਰ ਲਖਵਿੰਦਰ ਸਿੰਘ (Army soldiers) ਨੇ ਕਿਹਾ ਸੀ ਕਿ ਉਹ ਪਰਿਵਾਰ ਨੂੰ ਸਵੇਰੇ ਫੋਨ ਕਰਨਗੇ ਅਤੇ ਬੱਚਿਆਂ ਨਾਲ ਗੱਲ ਕਰਨਗੇ ਲੇਕਿਨ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਅਤੇ ਸਵੇਰੇ ਉਹਨਾਂ ਦਾ ਫੋਨ ਨਹੀਂ ਆਇਆ ਜਿਸ ਤੋਂ ਬਾਅਦ ਕਰੀਬ 10 ਵਜੇ ਉਹਨਾਂ ਨੂੰ ਪਤਾ ਚੱਲਿਆ ਕਿ ਕੁਝ ਵੀ ਠੀਕ-ਠਾਕ ਨਹੀਂ ਹੈ।।
ਸ਼ਹੀਦ ਲਖਵਿੰਦਰ ਸਿੰਘ ਦੀ ਘਰਵਾਲੀ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਘਰਵਾਲੇ ਦੀ ਸ਼ਹਾਦਤ ਦੇ ਉੱਤੇ ਬੇਹੱਦ ਮਾਣ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਇੱਕ ਸਾਢੇ 11 ਸਾਲ ਦੀ ਬੇਟੀ ਅਤੇ ਸਾਢੇ 13 ਸਾਲ ਦਾ ਬੇਟਾ ਹੈ | ਉਹਨਾਂ ਕਿਹਾ ਕਿ ਸ਼ਹੀਦ ਲਖਵਿੰਦਰ ਸਿੰਘ ਦਾ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਤੇ ਬੇਟੀ ਉਹਨਾਂ ਵਾਂਗ ਫੌਜ ਦੇ ਵਿੱਚ ਭਰਤੀ ਹੋਣ ਅਤੇ ਵੱਡੇ ਅਫਸਰ ਬਣ ਕਿ ਦੇਸ਼ ਦੀ ਸੇਵਾ ਕਰਨ।
ਇਸ ਦੌਰਾਨ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪੁੱਜੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਸ਼ਹੀਦ ਲਖਵਿੰਦਰ ਸਿੰਘ ਦਾ ਪਰਿਵਾਰ ਕਾਫ਼ੀ ਸਮੇਂ ਤੋਂ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਅਤੇ ਬਤੌਰ ਲੀਡਰ ਨਹੀਂ ਬਲਕਿ ਉਹ ਨਿੱਜੀ ਤੌਰ ਦੇ ਉੱਤੇ ਇਸ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਦੇ ਹਨ। ਉਹਨਾਂ ਦੱਸਿਆ ਕਿ ਸ਼ਹੀਦ ਲਖਵਿੰਦਰ ਸਿੰਘ ਸਬੰਧੀ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਕੀ ਉਹ ਡਿਊਟੀ ਤੇ ਤਾਇਨਾਤ ਸਨ ਪਰ ਕਥਿਤ ਤੌਰ ‘ਤੇ ਆਕਸੀਜਨ ਦੀ ਕਮੀ ਜਾਂ ਹਾਰਟ ਅਟੈਕ ਦੀ ਨਾਲ ਉਹ ਸ਼ਹੀਦ ਹੋ ਗਏ ਹਨ।
ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸ਼ਹੀਦ ਲਖਵਿੰਦਰ ਸਿੰਘ ਦੇ ਜਾਣ ਦੇ ਨਾਲ ਪਰਿਵਾਰ ਪੰਜਾਬ ਅਤੇ ਦੇਸ਼ ਨੂੰ ਜੋ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਜੋ ਵੀ ਸਹਾਇਤਾ ਦਿੱਤੀ ਜਾਣੀ ਹੈ ਉਸ ਦੇ ਲਈ ਉਹ ਕੋਸ਼ਿਸ਼ ਕਰਨਗੇ ਕਿ ਛੇਤੀ ਤੋਂ ਛੇਤੀ ਉਹ ਸਹਾਇਤਾ ਇਸ ਪਰਿਵਾਰ ਨੂੰ ਮਿਲੇ ਅਤੇ ਇਸ ਦੇ ਨਾਲ ਹੀ ਜੇਕਰ ਪਰਿਵਾਰ ਨੂੰ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਲੋੜ ਹੈ ਤਾਂ ਉਹ ਨਿੱਜੀ ਤੌਰ ਦੇ ਉੱਤੇ ਇਸ ਪਰਿਵਾਰ ਦੇ ਲਈ ਹਮੇਸ਼ਾ ਖੜ੍ਹੇ ਹਨ।