Farmers

Paddy: ਪੰਜਾਬ ‘ਚ ਝੋਨੇ ਦੀ ਸਿੱਧੀ ਬਿਜਾਈ ਦਾ ਰਕਬਾ ਪਿਛਲੇ ਸਾਲ ਨਾਲੋਂ 15 ਫੀਸਦੀ ਵਧਿਆ: ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ, 4 ਜੁਲਾਈ 2024: ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪੰਜਾਬ ‘ਚ ਝੋਨੇ (Paddy) ਦੀ ਸਿੱਧੀ ਬਿਜਾਈ ਦੇ ਰਕਬੇ ‘ਚ ਪਿਛਲੇ ਸਾਲ ਦੇ ਮੁਕਾਬਲੇ 15 ਫੀਸਦੀ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਕਿ ਸਾਉਣੀ ਦੀ ਬਿਜਾਈ ਦਾ ਅੱਧਾ ਸੀਜ਼ਨ ਬੀਤ ਚੁੱਕਾ ਹੈ, ਇਸਦੇ ਬਾਵਜੂਦ ਪਾਣੀ ਦੀ ਵੱਡੇ ਪੱਧਰ ‘ਤੇ ਬੱਚਤ ਕਰਨ ਵਾਲੀ ਡੀ.ਐੱਸ.ਆਰ ਤਕਨੀਕ ਰਾਹੀਂ ਇਹ ਵਾਧਾ ਦਰਜ ਕੀਤਾ ਹੈ |

ਉਨ੍ਹਾਂ ਕਿਹਾ ਇਸ ਵਾਰ 2 ਲੱਖ ਏਕੜ ਤੋਂ ਵੱਧ ਰਕਬੇ ‘ਚ ਝੋਨੇ ਦੀ ਸਿੱਧੀ ਬਿਜਾਈ ਹੋਈ ਜਦਕਿ ਇਹ ਪਿਛਲੇ ਸਾਲ ਸਾਉਣੀ ਸੀਜ਼ਨ ਦੌਰਾਨ 1.72 ਲੱਖ ਏਕੜ ਸੀ | ਖੇਤੀਬਾੜੀ ਮੰਤਰੀ ਨੇ ਡੀ.ਐੱਸ.ਆਰ ਤਕਨੀਕ ਰਾਹੀਂ ਪੰਜ ਲੱਖ ਏਕੜ ਰਕਬੇ ‘ਚ ਝੋਨੇ (Paddy) ਦੀ ਸਿੱਧੀ ਬਿਜਾਈ ਹੋਣ ਦੀ ਉਮੀਦ ਪ੍ਰਗਟਾਈ ਹੈ |

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਤਕਨੀਕ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ | ਖੇਤੀਬਾੜੀ ਵਿਭਾਗ ਨੇ ਸਾਲ 2024-25 ਲਈ ਡੀ.ਐੱਸ.ਆਰ ਤਕਨੀਕ ਰਾਹੀਂ ਕਿਸਾਨਾਂ ਲਈ 50 ਕਰੋੜ ਰੁਪਏ ਰੱਖੇ ਗਏ ਹਨ। ਪੰਜਾਬ ‘ਚ 2023-24 ਸਾਲ ਦੌਰਾਨ ਇਸ ਤਕਨੀਕ ਰਾਹੀਂ 17116 ਕਿਸਾਨਾਂ ਨੂੰ 20.33 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ |

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਡੀ.ਐੱਸ.ਆਰ ਤਕਨੀਕ ਰਾਹੀਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ 15 ਜੁਲਾਈ 2024 ਤੱਕ agrimachinerypb.com ਪੋਰਟਲ ‘ਤੇ ਰਜਿਸਟਰ ਕਰਨਾ ਪਵੇਗਾ ।

 

 

Scroll to Top