ਚੰਡੀਗੜ੍ਹ, 4 ਅਗਸਤ 2021 : ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਿਚ ਡੂੰਘੀ ਦਿਲਚਸਪੀ ਜ਼ਾਹਰ ਕੀਤੀ ਹੈ। ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਨੇ 6.01 ਲੱਖ ਹੈਕਟੇਅਰ (15.02 ਲੱਖ ਏਕੜ) ਰਕਬਾ ਇਸ ਨਵੀਨਤਮ ਤਕਨਾਲੌਜੀ ਹੇਠ ਲਿਆਂਦਾ ਹੈ। ਪੰਜਾਬ ਰਿਮੋਰਟ ਸੈਸਿੰਗ ਸੈਂਟਰ, ਲੁਧਿਆਣਾ ਦੀ ਰਿਪੋਰਟ ਮੁਤਾਬਕ ਹੁਣ ਤੱਕ ਸਭ ਤੋਂ ਵੱਧ ਰਕਬਾ ਸਿੱਧੀ ਬਿਜਾਈ ਹੇਠ ਆਇਆ ਹੈ।
ਇਸ ਸਾਲ ਸੂਬੇ ਵਿਚ ਝੋਨੇ ਹੇਠ ਕੁੱਲ ਰਕਬੇ ਵਿੱਚੋਂ 23 ਫੀਸਦੀ ਖੇਤਰ ਪਾਣੀ ਦੀ ਬੱਚਤ ਕਰਨ ਵਾਲੀ ਇਸ ਤਕਨਾਲੌਜੀ ਹੇਠ ਆ ਚੁੱਕਾ ਹੈ।ਸੂਬੇ ਵਿਚ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਿਚ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਨੇ ਬਾਜ਼ੀ ਮਾਰੀ ਹੈ ਜਿਨ੍ਹਾਂ ਨੇ 52,760 ਹੈਕਟੇਅਰ ਰਕਬਾ ਇਸ ਤਕਨਾਲੌਜੀ ਹੇਠ ਲਿਆਂਦਾ ਹੈ। ਇਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿਚ ਕ੍ਰਮਵਾਰ 46,820 ਹੈਕਟੇਅਰ ਅਤੇ 45,850 ਹੈਕਟੇਅਰ ਰਕਬਾ ਸਿੱਧੀ ਬਿਜਾਈ ਹੇਠ ਲਿਆਂਦਾ ਗਿਆ ਹੈ।
ਇੱਥੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਸਾਲ ਤਕਰੀਬਨ 5 ਲੱਖ ਹੈਕਟੇਅਰ ਰਕਬਾ ਝੋਨੇ ਦੀ ਰਵਾਇਤੀ ਬਿਜਾਈ ਦੀ ਥਾਂ ਸਿੱਧੀ ਬਿਜਾਈ ਹੇਠ ਆਇਆ ਸੀ ਜਿਸ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੇ 46,510 ਹੈਕਟੇਅਰ ਰਕਬਾ ਇਸ ਤਕਨਾਲੌਜੀ ਹੇਠ ਲਿਆ ਕੇ ਬਾਜ਼ੀ ਮਾਰੀ ਸੀ। ਉਨ੍ਹਾਂ ਅੱਗੇ ਕਿਹਾ ਕਿ ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਨੇ ਇਸ ਤਕਨਾਲੌਜੀ ਨੂੰ ਅਪਣਾਉਣ ਵਿਚ ਉਤਸ਼ਾਹਤ ਦਿਖਾਇਆ ਜਿਸ ਕਰਕੇ ਇਸ ਬਿਜਾਈ ਹੇਠ ਰਕਬਾ ਵਧ ਕੇ 6.01 ਲੱਖ ਤੱਕ ਪਹੁੰਚ ਗਿਆ ਹੈ। ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਇਸ ਤਕਨੀਕ ਨਾਲ ਕਿਸਾਨਾਂ ਵੱਲੋਂ 10 ਤੋਂ 15 ਫੀਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
ਡਾਇਰੈਕਟਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਉਤੇ ਖੇਤੀਬਾੜੀ ਵਿਭਾਗ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨਾਲ ਮਿਲ ਕੇ ਵਿਸ਼ੇਸ਼ ਮੁਹਿੰਮ ਆਰੰਭੀ ਸੀ ਤਾਂ ਕਿ ਕਿਸਾਨਾਂ ਨੂੰ ਵੱਡੇ ਪੱਧਰ ਉਤੇ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ਤੋਂ ਕਿਸਾਨਾਂ ਪਾਸੋਂ ਮਿਲੇ ਵਿਆਪਕ ਹੁੰਗਾਰੇ ਨਾਲ ਇਨ੍ਹਾਂ ਯਤਨਾਂ ਨੂੰ ਬੂਰ ਪਿਆ ਹੈ।
ਸਿੱਧੂ ਨੇ ਕਿਹਾ ਕਿ ਇਹ ਨਵੀਨਤਮ ਤਕਨਾਲੌਜੀ ਬੀਤੇ ਸਾਲ ਹੀ ਬਹੁਤ ਸਹਾਈ ਸਿੱਧ ਹੋਈ ਸੀ ਜਿਸ ਤਹਿਤ 15-20 ਫੀਸਦੀ ਪਾਣੀ ਬਚਾਉਣ ਤੋਂ ਇਲਾਵਾ ਝੋਨੇ ਦੀ ਪੈਦਾਵਾਰ ਦੀ ਲਾਗਤ ਵਿਚ ਵੀ ਕਮੀ ਆਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੀ ਖੋਜ ਅਤੇ ਰਿਪੋਰਟਾਂ ਦੇ ਮੁਤਾਬਕ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬੇ ਦਾ ਝਾੜ ਵੀ ਰਵਾਇਤੀ ਤਕਨੀਕ ਦੇ ਬਰਾਬਰ ਹੀ ਹੁੰਦਾ ਹੈ।