ਸ੍ਰੀ ਮੁਕਤਸਰ ਸਾਹਿਬ 5 ਮਾਰਚ 2024: ਜਲ ਜੀਵਨ ਮਿਸ਼ਨ ਅਧੀਨ ਜਿਲਾ ਪੱਧਰੀ ਕਮੇਟੀ ਦੀ ਬੈਠਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜ਼ਿਲ੍ਹੇ ਦੇ ਵਿੱਚ ਜਲ ਸਪਲਾਈ (water supply) ਨਾਲ ਸੰਬੰਧਿਤ 41 ਕੰਮਾਂ ਨੂੰ ਪ੍ਰਵਾਣਗੀ ਦਿੱਤੀ ਗਈ ਜਿਸ ਤੇ ਕੁੱਲ 10 ਕਰੋੜ 29 ਲੱਖ ਰੁਪਏ ਦਾ ਖਰਚ ਆਉਣਾ ਹੈ।
ਇਸ ਮੌਕੇ ਉਹਨਾਂ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਚਾਰ ਪਿੰਡਾਂ ਵਿੱਚ 257.86 ਲੱਖ ਰੁਪਏ ਨਾਲ ਜਲ ਸਪਲਾਈ ਦੇ ਕੰਮਾਂ ਵਿੱਚ ਸੁਧਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਸੋਡੀਅਮ ਹਾਈਪੋਕਲੋਰਾਈਡ ਸਟੋਰੇਜ ਸਮਰੱਥਾ ਵੀ 269.54 ਲੱਖ ਰੁਪਏ ਨਾਲ ਸਥਾਪਿਤ ਕੀਤੀ ਗਈ ਹੈ ।
ਇਸ ਤੋਂ ਬਿਨਾਂ ਪਿੰਡ ਕੋਟ ਭਾਈ ਅਤੇ ਧੂਲਕੋਟ ਵਿੱਚ 460.82 ਲੱਖ ਰੁਪਏ ਨਾਲ ਨਵੀਆਂ ਜਲ ਸਪਲਾਈ (water supply) ਸਕੀਮਾਂ ਚਲਾਈਆਂ ਗਈਆਂ ਹਨ। ਇਸੇ ਤਰਾਂ ਪਿੰਡ ਅਟਾਰੀ ਅਤੇ ਚੱਕ ਅਟਾਰੀ ਸਦਰਵਾਲਾ ਲਈ 180.49 ਲੱਖ ਰੁਪਏ ਨਾਲ ਨਵੀਂ ਜਲ ਸਪਲਾਈ ਸਕੀਮ ਸਥਾਪਿਤ ਕਰਨ ਦੀ ਵੀ ਪ੍ਰਵਾਣਗੀ ਦਿੱਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜਲ ਸਪਲਾਈ ਵਿਭਾਗ ਨੇ ਦੋ ਵਾਟਰ ਟੈਸਟਿੰਗ ਲਬੋਟਰੀਆਂ ਸਥਾਪਿਤ ਕੀਤੀਆਂ ਹਨ ਜਿਸ ਤੇ 26.11 ਲੱਖ ਰੁਪਏ ਖਰਚ ਆਏ ਹਨ। ਇਹ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਖੇ ਹਨ । ਉਹਨਾਂ ਨੇ ਹਦਾਇਤ ਕੀਤੀ ਕਿ ਇਹਨਾਂ ਜਲ ਲੈਬੋਟਰੀਆਂ ਦੇ ਵਿੱਚ ਨਿਯਮਿਤ ਤੌਰ ਤੇ ਪੀਣ ਵਾਲੇ ਪਾਣੀ ਦੀ ਜਾਂਚ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ।
ਇਸੇ ਤਰਾਂ ਵਿਭਾਗ ਨੇ 25 ਲੱਖ ਤੋਂ ਜਿਆਦਾ ਦੀ ਲਾਗਤ ਨਾਲ 31 ਸਕੂਲਾਂ ਵਿੱਚ ਪੀਣ ਵਾਲੇ ਸਾਫ ਪਾਣੀ ਲਈ ਨਵੇਂ ਕਨੈਕਸ਼ਨ ਜਾਰੀ ਕੀਤੇ ਗਏ ਹਨ। ਬੈਠਕ ਵਿੱਚ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਟੀਟੇਸ਼ਨ ਮੰਡਲ ਜਸਵਿੰਦਰ ਸਿੰਘ, ਐਸ ਡੀ ਓ ਗੁਰਤੇਜ ਸਿੰਘ ਉਪ ਜ਼ਿਲਾ ਸਿੱਖਿਆ ਅਫਸਰ ਕਪਿਲ ਸ਼ਰਮਾ, ਖੇਤੀਬਾੜੀ ਵਿਭਾਗ ਤੋਂ ਸੁਖਜਿੰਦਰ ਸਿੰਘ , ਪੁਸ਼ਪਿੰਦਰ ਸਿੰਘ ਐਸਡੀ ਓ ਜਲ ਸਪਲਾਈ ਵਿਭਾਗ, ਪੇਂਡੂ ਵਿਕਾਸ ਵਿਭਾਗ ਤੋਂ ਹਾਕਮ ਸਿੰਘ, ਜੰਗਲਾਤ ਵਿਭਾਗ ਤੋਂ ਹਰਦੀਪ ਸਿੰਘ ਵੀ ਹਾਜ਼ਰ ਸਨ।