Finland

ਸਿੱਖਿਆ ਖੇਤਰ ‘ਚ ਉਪਰਾਲੇ ਲਈ ਫਿਨਲੈਂਡ ਜਾਣ ਵਾਲੇ ਅਧਿਆਪਕਾਂ ਵੱਲੋਂ CM ਮਾਨ ਦੀ ਸ਼ਲਾਘਾ

ਚੰਡੀਗੜ੍ਹ, 18 ਅਕਤੂਬਰ 2024: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਲਈ ਵਿਦੇਸ਼ਾਂ ‘ਚ ਭੇਜ ਕੇ ਸੂਬੇ ਦੇ ਸਿੱਖਿਆ ਢਾਂਚੇ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹਾਂ-ਪੱਖੀ ਸਮਰਥਨ ਦਿੰਦਿਆਂ ਅੱਜ ਫਿਨਲੈਂਡ (Finland ) ਜਾਣ ਵਾਲੇ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ ।

ਨਵੀਂ ਦਿੱਲੀ ਵਿਖੇ ਅੱਜ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਗੱਲਬਾਤ ਕਰਦਿਆਂ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਫ਼ਿਰੋਜ਼ਪੁਰ ਤੋਂ ਆਏ ਅਧਿਆਪਕ ਵਿਨੇ ਸ਼ਾਤਨਾ ਨੇ ਕਿਹਾ ਕਿ ਉਹ ਪਿਛਲੇ 23 ਸਾਲਾਂ ਤੋਂ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਹ ਫਿਨਲੈਂਡ (Finland ) ਜਾਣ ‘ਤੇ ਬਹੁਤ ਖੁਸ਼ ਮਹਿਸੂਸ ਕਰ ਰਹੇ ਹਨ |

ਇਸਦੇ ਨਾਲ ਹੀ ਪਠਾਨਕੋਟ ਤੋਂ ਅਧਿਆਪਕਾ ਸੁਨੀਤਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਖੇਤਰ ‘ਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਬਿਹਤਰੀ ਲਈ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅਧਿਆਪਕਾਂ ਦੀ ਭਲਾਈ ਲਈ ਅਜਿਹੇ ਹੋਰ ਉਪਰਾਲੇ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਅਜਿਹੇ ਮੌਕੇ ਮਿਲਦੇ ਰਹਿਣਗੇ।

ਇਸ ਦੌਰਾਨ ਪਟਿਆਲਾ ਤੋਂ ਆਏ ਅਧਿਆਪਕ ਗੁਰਪ੍ਰੀਤ ਸਿੰਘ ਨੇ ਇਸ ਮੌਕੇ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਅਧਿਆਪਕਾਂ ਨੂੰ ਆਪਣੀ ਯੋਗਤਾ ਵਧਾਉਣ ਦਾ ਅਜਿਹਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਉਨ੍ਹਾਂ ਨੂੰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਮਿਲਣ ਦਾ ਮੌਕਾ ਮਿਲਿਆ ਹੈ।

ਮੋਹਾਲੀ ਤੋਂ ਆਈ ਵੰਦਨਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੇ ਯਤਨਾਂ ਕਰਕੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਅਤੇ ਅਧਿਆਪਕ ਮੁੱਖ ਮੰਤਰੀ ਪ੍ਰਤੀ ਬਹੁਤ ਸਤਿਕਾਰ ਰੱਖਦੇ ਹਨ ਕਿਉਂਕਿ ਉਨ੍ਹਾਂ ਨੇ ਸਿੱਖਿਆ ਖੇਤਰ ਨੂੰ ਵੱਡਾ ਹੁਲਾਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਤਬਦੀਲੀ ਵਿਲੱਖਣ ਅਤੇ ਸਵਾਗਤਯੋਗ ਹੈ।

ਜਲੰਧਰ ਤੋਂ ਗੁਰਿੰਦਰ ਕੌਰ ਨੇ ਅਧਿਆਪਕਾਂ ਨੂੰ ਇਹ ਮੌਕਾ ਦੇਣ ਲਈ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਿਦਿਅਕ ਢਾਂਚੇ ਨੂੰ ਮੁੜ ਸੁਰਜੀਤ ਕਰਨ ਲਈ ਕੀਤੇ ਜਾ ਰਹੇ ਇਤਿਹਾਸਕ ਯਤਨਾਂ ਲਈ ਮੁੱਖ ਮੰਤਰੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

ਅਧਿਆਪਕ ਭਾਲਾ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨਿਰੋਲ ਮੈਰਿਟ ਤੇ ਪਾਰਦਰਸ਼ੀ ਢੰਗ ਨਾਲ ਅਧਿਆਪਕਾਂ ਦੀ ਭਰਤੀ ਕਰਨ ਲਈ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਦਾ ਮੌਕਾ ਦੇਣ ਲਈ ਉਹ ਮੁੱਖ ਮੰਤਰੀ ਦੇ ਧੰਨਵਾਦੀ ਹਨ।

ਇਸਦੇ ਨਾਲ ਹੀ ਫਾਜ਼ਿਲਕਾ ਤੋਂ ਲਵਜੀਤ ਗਰੇਵਾਲ ਨੇ ਵਿਦਿਆਰਥੀਆਂ ਦੀ ਬਿਹਤਰੀ ਲਈ ਵਿਦੇਸ਼ਾਂ (Finland) ‘ਚ ਸਿਖਲਾਈ ਦੇਣ ਦਾ ਮੌਕਾ ਦੇਣ ਲਈ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸਿੱਖਿਆ ਖੇਤਰ ‘ਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਆਪਕ ਉਪਰਾਲੇ ਆਮ ਲੋਕਾਂ ਲਈ ਵਰਦਾਨ ਸਾਬਤ ਹੋਣਗੇ।

 

Scroll to Top