ਚੰਡੀਗੜ੍ਹ, 05 ਦਸੰਬਰ 2024: ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੂੰ ਅੱਜ ਬਾਅਦ ਦੁਪਹਿਰ ਕਪੂਰਥਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਖ਼ਿਲਾਫ਼ ਧਾਰਾ 195-ਏ ਅਤੇ 506 ਆਈਪੀਸੀ ਤਹਿਤ ਕਪੂਰਥਲਾ ਦੇ ਸੁਭਾਨਪੁਰ ਥਾਣੇ ਵਿੱਚ ਦਰਜ ਕੇਸ ਵਿੱਚ ਅਦਾਲਤ ਨੇ ਕੱਲ੍ਹ ਦੇਰ ਸ਼ਾਮ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ।
ਜਿਕਰਯੋਗ ਹੈ ਕਿ ਪੁਰਾਣੇ ਐਨਡੀਪੀਐਸ ਕੇਸ ਵਿੱਚ ਜੇਲ੍ਹ ਵਿੱਚ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕੱਲ੍ਹ ਕਪੂਰਥਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਸੁਭਾਨਪੁਰ ਥਾਣੇ ਵਿੱਚ ਰਣਜੀਤ ਕੌਰ ਦੀ ਸ਼ਿਕਾਇਤ ’ਤੇ ਧਾਰਾ 195-ਏ ਅਤੇ 506 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਸੁਖਪਾਲ ਖਹਿਰਾ (Sukhpal Singh Khaira) ਦੇ ਵਕੀਲ ਸੁਖਮਨ ਸਿੰਘ ਨੇ ਪੂਰੇ ਮਾਮਲੇ ਨੂੰ ਝੂਠਾ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਇਹ ਵੀ ਸ਼ੰਕਾ ਪ੍ਰਗਟਾਈ ਕਿ ਇਸ ਤੋਂ ਬਾਅਦ ਵੀ ਸਰਕਾਰ ਕੁਝ ਕਰ ਸਕਦੀ ਹੈ ਅਤੇ ਕੋਈ ਨਵੀਂ ਯੋਜਨਾ ਬਣਾ ਸਕਦੀ ਹੈ। ਸਰਕਾਰ ਚਾਹੁੰਦੀ ਹੈ ਕਿ ਉਹ ਜੇਲ੍ਹ ਤੋਂ ਬਾਹਰ ਨਾ ਆਵੇ।
ਸੁਭਾਨਪੁਰ ਥਾਣੇ ਦੇ ਪਿੰਡ ਡੋਗਰਾਂਵਾਲ ਦੀ ਰਹਿਣ ਵਾਲੀ ਰਣਜੀਤ ਕੌਰ ਦੇ ਬਿਆਨਾਂ ‘ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਧਾਰਾ 195-ਏ ਅਤੇ 506 ਆਈ.ਪੀ.ਸੀ. ਤਹਿਤ ਕੇਸ ‘ਚ ਦੋਸ਼ ਲਾਇਆ ਗਿਆ ਹੈ ਕਿ ਸੁਖਪਾਲ ਸਿੰਘ ਸ਼ਿਕਾਇਤਕਰਤਾ ਨੂੰ ਝੂਠੀ ਗਵਾਹੀ ਦੇਣ ਲਈ ਧਮਕੀਆਂ ਦੇ ਰਿਹਾ ਹੈ।