ਮਾਨਸਾ, 06 ਸਤੰਬਰ, 2023: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੀ ਮਾਨਸਾ ਅਦਾਲਤ (Mansa court) ਦੇ ਵਿੱਚ ਪੇਸ਼ੀ ਹੋਈ, ਜਿਨ੍ਹਾਂ ਵਿੱਚ ਅੱਜ 21 ਜਣਿਆਂ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ | ਬਦਮਾਸ਼ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਰਾਜ ਮਿੰਟੂ ਤੇ ਦੀਪਕ ਟੀਨੂੰ ਨੂੰ ਪੇਸ਼ ਨਹੀਂ ਕੀਤਾ ਗਿਆ | ਇਸ ਮਾਮਲੇ ‘ਚ ਮੁਲਜ਼ਮਾਂ ਦੀ ਅਗਲੀ ਪੇਸ਼ੀ 20 ਸਤੰਬਰ ਨੂੰ ਹੋਵੇਗੀ।
ਮਾਮਲੇ ਸੰਬੰਧੀ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਹੋਣ ਕਾਰਨ ਪੇਸ਼ ਨਹੀਂ ਕੀਤਾ ਗਿਆ ਜਦੋ ਕਿ ਜੱਗੂ ਭਗਵਾਨਪੁਰੀਆ ਕੁਰੂਕਸ਼ੇਤਰ ਦੀ ਪੁਲਿਸ ਕੋਲ ਰਿਮਾਂਡ ‘ਤੇ ਹੋਣ ਕਾਰਨ ਪੇਸ਼ ਨਹੀਂ ਕੀਤਾ ਗਿਆ | ਇਸਦੇ ਨਾਲ ਹੀ ਸਰਾਜ ਮਿੰਟੂ ਅਤੇ ਦੀਪਕ ਟੀਨੂੰ ਨੂੰ ਬਠਿੰਡਾ ਜੇਲ੍ਹ ਵਿੱਚੋਂ ਟੈਕਨੀਕਲ ਸਮੱਸਿਆ ਦੇ ਕਾਰਨ ਪੇਸ਼ ਨਹੀਂ ਕੀਤਾ ਜਾ ਸਕਿਆ | ਅੱਜ ਮਾਨਸਾ ਅਦਾਲਤ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਆਪਣੇ ਵਕੀਲ ਕੋਲ ਮੌਜੂਦ ਰਹੇ।
ਮਾਨਸਾ ਅਦਾਲਤ (Mansa court)ਦੇ ਵਿੱਚ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਅੱਜ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਸਰਾਜ ਮਿੰਟੂ ਅਤੇ ਦੀਪਕ ਟੀਨੂੰ ਨੂੰ ਪੇਸ਼ ਨਹੀਂ ਕੀਤਾ ਗਿਆ, ਜਦੋਂ ਕਿ 21 ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨਿਆਂ ਪ੍ਰਣਾਲੀ ‘ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਨਸਾਫ਼ ਜ਼ਰੂਰ ਮਿਲੇਗਾ |