ਪੰਜਾਬ ਦੇ ਲੋਕਾਂ ਨੂੰ

ਪੰਜਾਬ ਦੇ ਲੋਕਾਂ ਨੂੰ ਦੇਸ਼ ਵਿਰੋਧੀ ਤਾਕਤਾਂ ਅਤੇ ਸੌੜੇ ਸਿਆਸੀ ਮਨਸੂਬਿਆਂ ਬਾਰੇ ਸੁਚੇਤ ਰਹਿਣ ਦੀ ਅਪੀਲ ਕੀਤੀ

ਚੰਡੀਗੜ੍ਹ, 17 ਅਗਸਤ 2021 :  ਸਾਲ 2022 ਦੀਆਂ ਆਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਅੰਦਰ ਪੈਦਾ ਕੀਤੇ ਜਾ ਰਹੇ ਬਦ-ਅਮਨ ਮਾਹੌਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਵਾਲ ਚੁੱਕਿਆ ਹੈ ਕਿ ਚੋਣਾ ਤੋਂ ਐਨ ਪਹਿਲਾਂ ਹਰ ਵਾਰ ਪੰਜਾਬ, ਦੇਸ਼ ਵਿਰੋਧੀ ਤਾਕਤਾਂ ਦੇ ਨਿਸ਼ਾਨੇ ’ਤੇ ਕਿਉਂ ਆ ਜਾਂਦਾ ਹੈ ਅਤੇ ਚੋਣਾ ਨਿੱਬੜਨ ਉਪਰੰਤ ਅਜਿਹੇ ਦੇਸ਼ ਵਿਰੋਧੀ ਤੱਤ ਕਿਹੜੀ ਖੁੱਡ ਵਿੱਚ ਵੜ ਜਾਂਦੇ ਹਨ, ਜੋ ਦੇਸ਼ ਅਤੇ ਸੂਬੇ ਦੀਆਂ ਖੂਫੀਆ ਅਤੇ ਸੁਰੱਖਿਆ ਏਜੰਸੀਆਂ ਨੂੰ ਲੱਭਦੇ ਹੀ ਨਹੀਂ?

ਮੰਗਲਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਇਹ ਪ੍ਰਤੀਕਿਰਿਆ ਦਿੰਦਿਆਂ ਸੂਬੇ ਦੀ ਬਦਤਰ ਕਾਨੂੰਨ ਵਿਵਸਥਾ ਸਮੇਤ ਸੂਬਾ  ਅਤੇ ਕੇਂਦਰ ਸਰਕਾਰ ਦੇ ਮਨਸੂਬਿਆਂ ਉੱਤੇ ਸਿੱਧੀ ਉਂਗਲ ਚੁੱਕੀ।ਅਮਨ ਅਰੋੜਾ ਨੇ ਕਿਹਾ, ‘‘ਵਿਧਾਨ ਸਭਾ ਚੋਣਾਂ ’ਚ ਮਹਿਜ਼ 6 ਮਹੀਨੇ ਬਚੇ ਹਨ। ਬਾਦਲਾਂ ਵਾਂਗ ਕਾਂਗਰਸ ਦੇ ਰਾਜ ’ਚ ਵੀ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੀ ਰਹੀ ਹੈ। ਅਜਿਹੇ ਹਾਲਾਤ ’ਚ ਬੇਸ਼ੱਕ ਜਨਤਾ ਦਾ ਸੂਬਾ ਸਰਕਾਰ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਉੱਠ ਚੁੱਕਿਆ ਹੈ, ਪਰੰਤੂ ਪੰਜਾਬ ਦੇ ਲੋਕਾਂ ਅੱਗੇ ਸਿਰ-ਝੁਕਦਾ ਹੈ, ਜਿਨ੍ਹਾਂ ਨੇ ਬਦਤਰ ਕਾਨੂੰਨ ਵਿਵਸਥਾ ਦੇ ਬਾਵਜੂਦ ਆਪਸੀ ਸਾਂਝ ਅਤੇ ਸਦਭਾਵਨਾ ਨੂੰ ਆਪਣੇ ਬਲਬੂਤੇ ਮਜ਼ਬੂਤ ਰੱਖਿਆ ਹੋਇਆ ਹੈ।’’

ਉਨ੍ਹਾਂ ਅੱਗੇ ਕਿਹਾ ਕਿ ਚਿੰਤਾਜਨਕ ਗੱਲ ਇਹ ਹੈ ਕਿ ਕਾਲੇ ਦੌਰ ਤੋਂ ਬਾਅਦ ਪੰਜਾਬ ਅੰਦਰ ਜਦ ਵੀ ਆਮ ਚੋਣਾ ਹੁੰਦੀਆਂ ਹਨ, ਉਸ ਤੋਂ ਪਹਿਲਾਂ ਦੇਸ਼ ਵਿਰੋਧੀ ਤਾਕਤਾਂ ਅਖ਼ਬਾਰਾਂ-ਮੀਡੀਆ ਦੀਆਂ ਸੁਰਖ਼ੀਆਂ ਬਣਦੀਆਂ ਹਨ। ਜਿਸ ਨਾਲ ਸੰਤਾਪ ਹੰਢਾ ਚੁੱਕੇ ਪੰਜਾਬੀਆਂ ਦੇ ਮਨਾਂ ’ਚ ਭੈਅ ਪੈਦਾ ਹੋਣਾ ਸੁਭਾਵਿਕ ਹੈ। ਅਮਨ ਅਰੋੜਾ ਨੇ ਕਿਹਾ, ‘‘ਮੁੱਖ ਮੰਤਰੀ ਹਮੇਸ਼ਾਂ ਦੇਸ਼ ਵਿਰੋਧੀ ਤਾਕਤਾਂ ਦੇ ਹਵਾਲੇ ਨਾਲ ਸੂਬੇ ਅਤੇ ਦੇਸ਼ ਦੀ ਕਾਨੂੰਨ ਵਿਵਸਥਾ ਨੂੰ ਖ਼ਤਰੇ ਦਾ ਖ਼ਦਸਾ ਪ੍ਰਗਟਾਉਂਦੇ ਰਹਿੰਦੇ ਹਨ। ਪਿਛਲੇ 10 ਕੁ ਦਿਨਾਂ ’ਚ ਇਹ ਖ਼ਦਸਾ 2-3 ਵਾਰ ਦੁਹਰਾਇਆ ਜਾ ਚੁੱਕਾ ਹੈ।

 

ਸਰਹੱਦ ਪਾਰੋਂ ਡਰੋਨ ਰਾਹੀਂ ਆਤੰਕੀ ਗਤੀਵਿਧੀਆਂ ਦੀਆਂ ਖ਼ਬਰਾਂ ਛਪ ਰਹੀਆਂ। ਗ੍ਰਨੇਡ ਬਰਾਮਦ ਹੋ ਰਹੇ ਹਨ ਅਤੇ ਦੇਸ਼ ਵਿਰੋਧੀ ਤੱਤਾਂ ਦੀਆਂ ਗ੍ਰਿਫ਼ਤਾਰੀਆਂ ਵੀ ਹੋ ਰਹੀਆਂ ਹਨ। ਅਜਿਹੀਆਂ ਦਹਿਸ਼ਤੀ ਸੁਰਖ਼ੀਆਂ ਦੀ ਦਿਨ- ਬ-ਦਿਨ ਵਧ ਰਹੀ ਗਿਣਤੀ ਹੋਰ ਵੀ ਵੱਧ ਚਿੰਤਾਜਨਕ ਹੈ, ਕਿਉਂਕਿ ਅਸੰਬਲੀ ਚੋਣਾ ’ਚ ਮਹਿਜ 6 ਮਹੀਨਿਆਂ ਦਾ ਸਮਾਂ ਰਹਿ ਗਿਆ ਹੈ। ਵਿਧਾਇਕ ਅਰੋੜਾ ਨੇ ਕਿਹਾ, ‘‘ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਦੇਸ਼ ਵਿਰੋਧੀ ਤਾਕਤਾਂ ’ਤੇ ਹਮੇਸ਼ਾ ਪੈਨੀ ਨਜ਼ਰ ਰੱਖਣਾ ਸਾਡੀਆਂ ਸੂਬਾ ਅਤੇ ਕੇਂਦਰੀ ਏਜੰਸੀਆਂ ਦੀ ਜ਼ਿੰਮੇਵਾਰੀ ਹੈ।

 

ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਹਰੇਕ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸਰਕਾਰੀ ਤੰਤਰ ਨੂੰ ਸਹਿਯੋਗ ਕਰਨਾ ਚਾਹੀਦਾ ਹੈ, ਪਰੰਤੂ ਚੋਣਾਂ ਤੋਂ ਪਹਿਲਾਂ ਇੱਕ ਖ਼ਾਸ ਸ਼ੈਲੀ ’ਚ ਉਪਜਦਾ ਡਰ ਅਤੇ ਭੈਅ ਦਾ ਮਾਹੌਲ ਹਜ਼ਮ ਨਹÄ ਹੋ ਰਿਹਾ ਅਤੇ ਕਈ ਤਰ੍ਹਾਂ ਦੇ ਸ਼ੱਕ- ਸ਼ੰਕੇ ਪੈਦਾ ਕਰ ਰਿਹਾ ਹੈ। ਇਸ ਲਈ ਹਰੇਕ ਨਾਗਰਿਕ ਦਾ ਅਜਿਹੀਆਂ ਘਟਨਾਵਾਂ ਅਤੇ ਖ਼ਬਰਾਂ ਬਾਰੇ ਸੁਚੇਤ ਅਤੇ ਚੌਕੰਨਾ ਰਹਿਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ।’’

ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਪੱਸ਼ਟੀਕਰਨ ਮੰਗਿਆ, ‘‘ਬਤੌਰ ਗ੍ਰਹਿਮੰਤਰੀ ਦੱਸੋ ਕਿ ਚੋਣਾ ਤੋਂ ਪਹਿਲਾਂ ਦੇਸ਼ ਵਿਰੋਧੀ ਤਾਕਤਾਂ ਦੇ ਸਰਗਰਮ ਹੋਣ ਪਿੱਛੇ ਸੂਬੇ ਅਤੇ ਕੇਂਦਰ ਦੇ ਸੁਰੱਖਿਆ ਅਤੇ ਖੂਫੀਆ ਤੰਤਰ ਦੀ ਅਸਫ਼ਲਤਾ ਅਤੇ ਕਮਜ਼ੋਰੀ ਹੈ, ਜਾਂ ਫਿਰ ਇਹ ਲੋਕਾਂ ਦੇ ਮਨਾਂ ’ਚ ਦਹਿਸ਼ਤ/ਡਰ ਪੈਦਾ ਕਰਨ ਦੀ ਸਿਆਸੀ ਗਿਣੀ-ਮਿਥੀ ਸਾਜ਼ਿਸ਼ ਹੈ? ਉਨ੍ਹਾਂ ਸੱਤਾਧਾਰੀ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਕਿ ਸਾਢੇ 4 ਸਾਲਾਂ ਬਾਅਦ ਵੀ ਮੌੜ ਬੰਬ ਬਲਾਸਟ ਦੇ ਪੀੜ੍ਹਤਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਦਾ ਖੁਰਾ-ਖੋਜ ਲੱਭਣ ’ਚ ਪੂਰੀ ਤਰ੍ਹਾਂ ਫ਼ੇਲ੍ਹ ਰਹੇ ਕੈਪਟਨ ਅਮਰਿੰਦਰ ਸਿੰਘ ਦਾ ਗ੍ਰਹਿ-ਮੰਤਰੀ ਬਣੇ ਰਹਿਣਾ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਲਈ ਸਹੀ ਹੈ?

ਵਿਧਾਇਕ ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਕੈਪਟਨ ਅਤੇ ਬਾਦਲਾਂ ਦੀ ਮਿਲੀਭੁਗਤ ਕਰਕੇ ਮੌੜ ਬੰਬ ਕਾਂਡ ਦੀ ਜਾਂਚ ਜਾਣ-ਬੁੱਝ ਕੇ ਸਿਰੇ ਨਹੀਂ ਚੜਾਈ ਗਈ। ਅਰੋੜਾ ਨੇ ਕਿਹਾ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਸਮੇਤ ਦੇਸ਼ ਵਿਰੋਧੀ ਤਾਕਤਾਂ ਨੂੰ ਸਬਕ ਸਿਖਾਉਣ ਦੀਆਂ ਬੜ੍ਹਕਾਂ ਮਾਰਦੇ ਰਹਿੰਦੇ ਹਨ, ਦੂਜੇ ਪਾਸੇ ਆਪਣੇ ਸਰਹੱਦੀ ਸੂਬੇ ਦੀ ਦਿਨ ਪ੍ਰਤੀ ਦਿਨ ਨਿਘਰਦੀ ਜਾ ਰਹੀ ਕਾਨੂੰਨ ਵਿਵਸਥਾ ਨੂੰ ਬਤੌਰ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਸੁਧਾਰਨ ’ਚ ਬੁਰੀ ਤਰ੍ਹਾਂ ਫ਼ੇਲ ਰਹੇ ਹਨ।

ਅਮਨ ਅਰੋੜਾ ਨੇ ਸ਼ਰੇਆਮ ਹੁੰਦੀਆਂ ਜਾਨਲੇਵਾ ਗੈਂਗਵਾਰਾਂ, ਬਲਾਤਕਾਰਾਂ, ਚੋਰੀਆਂ, ਡਿਕੈਤੀਆਂ, ਫਿਰੌਤੀਆਂ ਅਤੇ ਬਦਅਮਨੀ ਦੀਆਂ ਹੋਰ ਘਟਨਾਵਾਂ ਵੱਲ ਮੁੱਖ ਮੰਤਰੀ ਦਾ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਉਹ (ਕੈਪਟਨ) ਹੁਣ ਫੌਜੀ ਨਹੀਂ ਹਨ, ਜੋ ਸਿਰਫ਼ ਸਰਹੱਦ ਪਾਰ ਦੀਆਂ ਬਾਹਰੀ ਤਾਕਤਾਂ ਨਾਲ ਹੀ ਨਜਿੱਠਣਗੇ। ਹੁਣ ਉਹ ਇੱਕ ਸਰਹੱਦੀ ਸੂਬੇ ਦੇ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਹਨ, ਸੂਬੇ ਦੀ ਅੰਦਰੂਨੀ ਕਾਨੂੰਨ ਵਿਵਸਥਾ ਨੂੰ ਸਹੀ ਰੱਖਣਾ ਉਨ੍ਹਾਂ (ਕੈਪਟਨ) ਦੀ ਮੁਢਲੀ ਜ਼ਿੰਮੇਵਾਰੀ ਹੈ, ਜਿਸ ਨੂੰ ਉਹ ਨਿਭਾ ਨਹੀਂ ਰਹੇ।

Scroll to Top