ਚੰਡੀਗੜ੍ਹ, 30 ਜਨਵਰੀ 2024: ਅਮਰੀਕਾ (USA) ਦੇ ਇੰਡੀਆਨਾ ਸੂਬੇ ਵਿੱਚ ਐਤਵਾਰ ਨੂੰ ਇੱਕ ਭਾਰਤੀ ਵਿਦਿਆਰਥੀ ਨੀਲ ਆਚਾਰੀਆ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਐਤਵਾਰ ਸਵੇਰੇ ਕਰੀਬ 11:30 ਵਜੇ ਪਰਡਿਊ ਯੂਨੀਵਰਸਿਟੀ ਕੈਂਪਸ ‘ਚ ਇਕ ਲਾਸ਼ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪੁਲਿਸ ਨੇ ਨੀਲ ਦੀ ਮੌਤ ਦੀ ਪੁਸ਼ਟੀ ਕੀਤੀ।
ਦਰਅਸਲ ਨੀਲ ਦੀ ਮਾਂ ਗੌਰੀ ਅਚਾਰੀਆ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਸੀ ਕਿ ਨੀਲ ਕਰੀਬ 12 ਘੰਟਿਆਂ ਤੋਂ ਲਾਪਤਾ ਹੈ। ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ ਜਦੋਂ ਉਹ ਸ਼ਨੀਵਾਰ ਨੂੰ ਕੈਬ ਰਾਹੀਂ ਕਾਲਜ ਪਹੁੰਚਿਆ ਸੀ। ਇਸ ਪੋਸਟ ਤੋਂ ਬਾਅਦ ਸ਼ਿਕਾਗੋ ਵਿੱਚ ਮੌਜੂਦ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਸੀ ਕਿ ਉਹ ਪਰਡਿਊ ਯੂਨੀਵਰਸਿਟੀ ਦੇ ਸੰਪਰਕ ਵਿੱਚ ਹਨ।
ਨੀਲ ਦੀ ਮੌਤ ਕਿਵੇਂ ਹੋਈ ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ। ਯੂਨੀਵਰਸਿਟੀ (USA) ਦੇ ਕੰਪਿਊਟਰ ਸਾਇੰਸ ਵਿਭਾਗ ਨੇ ਨੀਲ ਦੀ ਮੌਤ ਬਾਰੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਈਮੇਲ ਰਾਹੀਂ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਵਿਦਿਆਰਥੀ ਅਖਬਾਰ ਪਰਡਿਊ ਐਕਸਪੋਨੈਂਟ ਦੇ ਮੁਤਾਬਕ, ਕਾਲਜ ਪ੍ਰਸ਼ਾਸਨ ਨੇ ਇੱਕ ਈਮੇਲ ਵਿੱਚ ਕਿਹਾ ਕਿ ਨੀਲ ਵਜੋਂ ਪਛਾਣ ਕੀਤੀ ਗਈ ਇੱਕ ਵਿਦਿਆਰਥੀ ਦੀ ਲਾਸ਼ ਕੈਂਪਸ ਵਿੱਚ ਮਿਲੀ ਹੈ। ਲਾਸ਼ ਦੇ ਕੋਲ ਨੀਲ ਦਾ ਆਈਡੀ ਪਰੂਫ਼ ਵੀ ਮੌਜੂਦ ਸੀ।