ਚੰਡੀਗੜ੍ਹ, 04 ਜਨਵਰੀ 2024: ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੂੰ ਡਰੱਗ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ | ਪਰ ਉਨ੍ਹਾਂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ | ਪ੍ਰਾਪਤ ਜਾਣਕਾਰੀ ਮੁਤਾਬਕ ਸੁਖਪਾਲ ਸਿੰਘ ਖਹਿਰਾ ਨੂੰ ਨਾਭਾ ਜੇਲ੍ਹ ‘ਚੋ ਪ੍ਰੌਡਕਸ਼ਨ ਵਰੰਟ ‘ਤੇ ਕਪੂਰਥਲਾ ਲਿਆਂਦਾ ਜਾ ਰਿਹਾ ਹੈ।
ਸੁਖਪਾਲ ਖਹਿਰਾ ਦੇ ਖ਼ਿਲਾਫ਼ ਕਪੂਰਥਲਾ ਦੇ ਥਾਣਾ ਸੁਭਾਨਪੁਰ ਵਿੱਚ ਇੱਕ ਹੋਰ ਐੱਫਆਈਆਰ ਦਰਜ ਕੀਤੀ ਗਈ ਹੈ ਤੇ ਇਸ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਪੁਲਿਸ ਵੱਲੋਂ ਅੱਜ ਕਪੂਰਥਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਖਹਿਰਾ ‘ਤੇ 195ਏ ਤੇ 506 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਦੌਰਾਨ ਮਹਿਤਾਬ ਸਿੰਘ ਖਹਿਰਾ ਨੇ ਕਿਹਾ ਕਿ ਅੱਜ ਮਾਣਯੋਗ ਹਾਈਕੋਰਟ ਵੱਲੋਂ ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੂੰ NDPS ਕੇਸ ਵਿੱਚ ਦਿੱਤੀ ਗਈ ਜ਼ਮਾਨਤ ਤੋਂ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਪਰੇਸ਼ਾਨ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਸਰਕਾਰ ਨਫਰਤ ਅਤੇ ਬਦਲਾਖੋਰੀ ਦੀ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਮੇਰੇ ਪਿਤਾ ਖ਼ਿਲਾਫ਼ ਸੁਭਾਨਪੁਰ ਪੁਲਿਸ ਨੂੰ ਇੱਕ ਹੋਰ FIR ਦਰਜ ਕਰਨ ਦਾ ਹੁਕਮ ਦਿੱਤਾ ਹੈ ਤਾਂ ਜੋ ਉਨਾਂ ਨੂੰ 3 ਵਜੇ ਤੋ ਪਹਿਲਾਂ ਕਪੂਰਥਲਾ ਦੇ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਅਸੀਂ ਡਰਨ ਵਾਲੇ ਨਹੀਂ ਅਤੇ ਪੰਜਾਬ ਲਈ ਆਪਣੀ ਲੜਾਈ ਜਾਰੀ ਰੱਖਾਂਗੇ |