ਚੰਡੀਗ੍ਹੜ, 18 ਜਨਵਰੀ 2024: ਯਮਨ ਨੇੜੇ ਅਰਬ ਸਾਗਰ ‘ਚ ਇਕ ਜਹਾਜ਼ ‘ਤੇ ਫਿਰ ਤੋਂ ਡਰੋਨ ਹਮਲਾ (drone attack) ਹੋਇਆ ਹੈ। ਭਾਰਤੀ ਜਲ ਸੈਨਾ ਦਾ ਆਈਏਐਨਐਸ ਵਿਸ਼ਾਖਾਪਟਨਮ ਅਦਨ ਦੀ ਖਾੜੀ ਵਿੱਚ ਮਿਸ਼ਨ ‘ਤੇ ਤਾਇਨਾਤ ਹੈ। ਬੁੱਧਵਾਰ ਰਾਤ ਕਰੀਬ 11.11 ਵਜੇ ਸਮੁੰਦਰੀ ਡਾਕੂਆਂ ਵੱਲੋਂ ਹਮਲਾ ਕਰਨ ਅਤੇ ਡਰੋਨ ਰਾਹੀਂ ਨਿਸ਼ਾਨਾ ਬਣਾਉਣ ਦੀ ਖ਼ਬਰ ਮਿਲੀ ਹੈ। ਜਦੋਂ ਮਾਰਸ਼ਲ ਆਈਲੈਂਡਸ ਦੇ ਝੰਡੇ ਵਾਲੇ ਵਪਾਰੀ ਜਹਾਜ਼ ਐਮਵੀ ਜੇਨਕੋ ਪਿਕਾਰਡੀ (MV Genco Picardy) ਨੇ ਮੱਦਦ ਮੰਗੀ ਤਾਂ ਜਲ ਸੈਨਾ ਨੇ ਢੁਕਵਾਂ ਜਵਾਬ ਦਿੱਤਾ।
ਜਲ ਸੈਨਾ ਨੇ ਕਿਹਾ ਕਿ ਅਦਨ ਦੀ ਖਾੜੀ ਵਿਚ ਸਮੁੰਦਰੀ ਡਾਕੂਆਂ ‘ਤੇ ਨਜ਼ਰ ਰੱਖਣ ਦੀ ਡਿਊਟੀ ‘ਤੇ ਤਾਇਨਾਤ ਆਈਐਨਐਸ ਵਿਸ਼ਾਖਾਪਟਨਮ ਮਿਸ਼ਨ ਮੋਡ ਵਿਚ ਕੰਮ ਕਰਦਾ ਹੈ। ਅਦਨ ਦੀ ਖਾੜੀ ਵਿੱਚ ਹਮਲੇ (drone attack) ਦੇ ਸਬੰਧ ਵਿੱਚ ਇੱਕ ਕਾਲ ਦਾ ਤੁਰੰਤ ਜਵਾਬ ਦਿੰਦੇ ਹੋਏ, ਜਲ ਸੈਨਾ ਨੇ ਲਗਭਗ ਇੱਕ ਘੰਟੇ ਬਾਅਦ ਵਪਾਰੀ ਜਹਾਜ਼ ਨੂੰ ਲੱਭ ਲਿਆ । ਰਾਤ ਕਰੀਬ 12.30 ਵਜੇ, ਵਪਾਰੀ ਜਹਾਜ਼- ਐਮਵੀ ਜੇਨਕੋ ਪਿਕਾਰਡੀ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ। ਜਲ ਸੈਨਾ ਨੇ ਦੱਸਿਆ ਕਿ ਜਹਾਜ਼ ‘ਤੇ ਕੁੱਲ 22 ਕਰੂ ਮੈਂਬਰ ਸਵਾਰ ਸਨ, ਜਿਨ੍ਹਾਂ ‘ਚ ਨੌਂ ਭਾਰਤੀ ਵੀ ਸਨ। ਹਮਲੇ ਦਾ ਢੁਕਵਾਂ ਜਵਾਬ ਦਿੱਤਾ ਗਿਆ ਅਤੇ ਸਮੁੰਦਰੀ ਡਾਕੂਆਂ/ਹਮਲਾਵਰਾਂ ਤੋਂ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਬਚਾ ਲਿਆ ਗਿਆ।