ਚੰਡੀਗੜ੍ਹ, 15 ਜਨਵਰੀ 2024: ਚੰਡੀਗੜ੍ਹ (Chandigarh) ਨਗਰ ਨਿਗਮ ਵਿੱਚ 18 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਮਚੀ ਹੋਈ ਹੈ। ਸੋਮਵਾਰ ਨੂੰ ਨਿਗਮ ‘ਚ ਕਾਂਗਰਸ ਅਤੇ ‘ਆਪ’ ਦਾ ਗਠਜੋੜ ਹੋ ਗਿਆ ਹੈ । ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਇਹ ਐਲਾਨ ਕੀਤਾ ਹੈ ।
ਉਨ੍ਹਾਂ ਕਿਹਾ ਕਿ ‘ਆਪ’ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕਰੇਗੀ। ਕਾਂਗਰਸ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਮਿਲਣਗੇ। ਦੋਵੇਂ ਪਾਰਟੀਆਂ ਇੱਕ ਦੂਜੇ ਦਾ ਸਾਥ ਦੇਣਗੀਆਂ। ਲੋਕ ਸਭਾ ਚੋਣਾਂ ਨੂੰ ਲੈ ਕੇ ਅਜੇ ਤੱਕ ਕੋਈ ਚਰਚਾ ਨਹੀਂ ਹੋਈ ਹੈ। ਇਹ ਬਾਅਦ ਵਿੱਚ ਲਈ ਇੱਕ ਵਿਸ਼ਾ ਹੈ, ਇਸ ਬਾਰੇ ਪਾਰਟੀ ਆਲਾਕਮਾਨ ਹੀ ਫੈਸਲਾ ਕਰੇਗੀ।
ਕਾਂਗਰਸ ਅਤੇ ‘ਆਪ’ ਦੇ ਗਠਜੋੜ ਤੋਂ ਬਾਅਦ ਦੋਵਾਂ ਦੇ ਕੌਂਸਲਰਾਂ ਦੀਆਂ ਮਿਲ ਕੇ 20 ਵੋਟਾਂ ਹਨ ਅਤੇ ਉਹ ਤਿੰਨੋਂ ਅਹੁਦਿਆਂ ‘ਤੇ ਜਿੱਤ ਹਾਸਲ ਕਰ ਸਕਦੇ ਹਨ। ਕਾਂਗਰਸ ਦੇ ਮੇਅਰ ਉਮੀਦਵਾਰ ਜਸਵੀਰ ਸਿੰਘ ਬੰਟੀ ਨੇ ਸੋਮਵਾਰ ਦੁਪਹਿਰ ਨੂੰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ। ‘ਆਪ’ ਵੱਲੋਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਨੇਹਾ ਅਤੇ ਪੂਨਮ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ।
ਅਜਿਹੇ ਵਿੱਚ ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੇ ਕੁਲਦੀਪ ਟੀਟਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਗੁਰਪ੍ਰੀਤ ਸਿੰਘ ਗਾਵੀ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਨਿਰਮਲਾ ਦੇਵੀ ਦੀ ਨਾਮਜ਼ਦਗੀ ਰਹੇਗੀ।
ਚੰਡੀਗੜ੍ਹ ਨਗਰ ਨਿਗਮ (Chandigarh) ਵਿੱਚ ਕੁੱਲ 35 ਕੌਂਸਲਰ ਹਨ। ਇਨ੍ਹਾਂ 35 ਵੋਟਾਂ ਤੋਂ ਇਲਾਵਾ ਮੇਅਰ ਦੀ ਚੋਣ ਵਿਚ ਸੰਸਦ ਮੈਂਬਰ ਦੀ ਵੋਟ ਵੀ ਜਾਇਜ਼ ਹੈ। ਭਾਜਪਾ ਦੇ 14, ‘ਆਪ’ ਦੇ 13, ਕਾਂਗਰਸ ਦੇ 7 ਅਤੇ ਅਕਾਲੀ ਦਲ ਦਾ ਇੱਕ ਕੌਂਸਲਰ ਹੈ।
ਮੇਅਰ ਚੋਣ ਦੇ ਦ੍ਰਿਸ਼ਟੀਕੋਣ ਤੋਂ ਭਾਜਪਾ ਕੋਲ ਬਹੁਮਤ ਹੈ ਕਿਉਂਕਿ 14 ਕੌਂਸਲਰਾਂ ਤੋਂ ਇਲਾਵਾ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਦੀਆਂ ਵੋਟਾਂ ਵੀ ਉਨ੍ਹਾਂ ਕੋਲ ਹਨ। ਇਸ ਤੋਂ ਪਹਿਲਾਂ ਇਸੇ ਕਾਰਨ ਭਾਜਪਾ ਦੀ ਸਰਬਜੀਤ ਕੌਰ ਅਤੇ ਅਨੂਪ ਗੁਪਤਾ ਇਕ-ਇਕ ਸਾਲ ਲਈ ਮੇਅਰ ਬਣ ਚੁੱਕੇ ਹਨ।