ਹਰਪ੍ਰੀਤ ਸਿੰਘ ਕਾਹਲੋਂ
Sr. Executive Editor
The Unmute
‘ਅੰਨ੍ਹੀ ਦਿਆ ਮਜ਼ਾਕ ਏ’ ਦੇ ਬਹਾਨੇ ਕੇ ਬਾਲਾਚੰਦਰ ਨੇ ਕਿਹਾ ਸੀ ਕਿ ਕਮਾਲ ਦੀਆਂ ਕਹਾਣੀਆਂ ਆਪਣੇ ਢੁੱਕਵੇਂ ਦਰਸ਼ਕ ਲੱਭ ਲੈਂਦੀਆਂ ਹਨ। ਫਿਰ ਚਾਹੇ ਉਹ ਵੱਡਾ ਪਰਦਾ ਹੋਵੇ, ਨਿੱਕਾ ਪਰਦਾ ਹੋਵੇ ਜਾਂ ਸਾਡੇ ਆਲੇ ਦੁਆਲੇ ਕੋਈ ਨਿੱਜੀ ਕਹਾਣੀ ਹੀ ਕਿਉਂ ਨਾ ਹੋਵੇ। ਬੰਦੇ ਨੇ ਆਪਣੀ ਕਹਾਣੀਆਂ ਬਣਾਈਆਂ ਹਨ, ਸੁਣਾਈਆਂ ਹਨ ਅਤੇ ਉਹਨਾਂ ਕਹਾਣੀਆਂ ਨਾਲ ਹੀ ਉਹਨੇ ਆਪਣਾ ਰਾਹ ਵੀ ਬਣਾਇਆ ਹੈ ਅਤੇ ਮਨ ਨੂੰ ਰਾਜੀ ਵੀ ਕੀਤਾ ਹੈ।
ਪਿਊਸ਼ ਮਿਸ਼ਰਾ ਮਨੋਰੰਜਨ ਬਾਰੇ ਇਹੋ ਕਹਿੰਦਾ ਹੈ ਕਿ ਅਦਾਕਾਰੀ ਉਹ ਜੋ ਹਸਾਵੇ ਅਤੇ ਰੁਵਾਵੇ ਅਤੇ ਮਨ ਦਾ ਪ੍ਰਚਾਵਾ ਕਰੇ। ਪੰਜਾਬੀ ਸਿਨੇਮਾ ਇਹਨਾਂ ਕਹਾਣੀਆਂ ਤੋਂ ਅਜੇ ਦੂਰ ਹੈ।ਸਾਲ ਛਿਮਾਹੀ ਜੇ ਕੁਝ ਵੱਖਰੀ ਤਰਤੀਬ ਅਤੇ ਕਹਾਣੀ ਦਾ ਸਬੱਬ ਬਣੇ ਵੀ ਤਾਂ ਫਿਰ ਉਸੇ ਦਾ ਹੀ ਹਰ ਕੋਈ ਦੁਹਰਾਓ ਕਰਦਾ ਹੈ। ਮੈਂ ਇਹ ਨਹੀਂ ਮੰਨਦਾ ਕਿ ਵਧੀਆ ਫਿਲਮ ਆਉਂਦੀ ਨਹੀਂ ਪਰ ਅਜਿਹੀਆਂ ਫਿਲਮਾਂ ਬਾਰੇ ਫਿਲਮਸਾਜ਼ ਦਾ ਵੀ ਤਲਖ ਫੋਬੀਆ ਹੈ ਅਤੇ ਦਰਸ਼ਕ ਦਾ ਮਨ ਵੀ ਜੜ੍ਹ ਹੋਇਆ ਹੈ।ਉਹ ਕਹਾਣੀ ਤੋਂ ਵਿਸ਼ੇ ਤੋਂ ਵੱਖਰੀ ਫਿਲਮ ਹੋਰ ਜ਼ੁਬਾਨ ਦੀ ਤਾਂ ਵੇਖੇਗਾ ਪਰ ਪੰਜਾਬੀ ਦੀ ਨਹੀਂ।ਪੰਜਾਬੀ ਦੀ ਫਿਲਮ ਉਹ ਬਹੁਤਾਤ ਵਿੱਚ ਹਾਸ ਭਰਪੂਰ ਹੀ ਚਾਹੇਗਾ। ਕਲੀ ਜੋਟਾ, ਚੱਲ ਜਿੰਦੀਏ, ਕਿੱਸਾ ਪੰਜਾਬ ਆਦਿ ਫਿਲਮਾਂ ਜ਼ਰੂਰ ਹਨ ਪਰ ਉਹ ਆਪਣੀ ਗਿਣਤੀ ਨਹੀਂ ਵਧਾ ਸਕੀਆ।
ਬਤੌਰ ਫਿਲਮ ਪ੍ਰੋਡਕਸ਼ਨ ਰਿਦਮ ਬੁਆਏ ਦੀ ਇੱਕ ਗੱਲ ਇਸ ਸਭ ਦੇ ਬਾਵਜੂਦ ਮੈਨੂੰ ਸਾਰਥਕ ਲੱਗਦੀ ਹੈ ਕਿ ਇੱਕ ਪ੍ਰੋਡਕਸ਼ਨ ਬਣ ਉਹ ਬਕਾਇਦਾ ਦਰਸ਼ਕ ਨੂੰ ਹਰ ਕਹਾਣੀ ਦੀ ਵਨ ਸੁਵੰਨਤਾ ਪੇਸ਼ ਕਰ ਰਿਹਾ ਹੈ।ਉਹ ਅੰਗਰੇਜ਼ ਫਿਲਮ ਨਾਲ ਪੰਜਾਬੀ ਸਿਨੇਮਾ ਵਿੱਚ ਪੁਰਾਤਣ ਪੰਜਾਬ ਦੀ ਕਹਾਣੀ ਸੱਭਿਆਚਾਰ ਦੀ ਝਲਕ ਨੂੰ ਵੀ ਪੇਸ਼ ਕਰਦਾ ਹੈ ਅਤੇ ਉਹ ਪੰਜਾਬ ਤੋਂ ਬਾਹਰ ਨਿਰੋਲ ਕਨੇਡਾ ਦੀ ਆਪਣੀ ਪੰਜਾਬੀ ਜ਼ਿੰਦਗੀ ਭਾਵ ਸਿਰਫ ਪੰਜਾਬੋਂ ਬਾਹਰ ਦੇ ਪੰਜਾਬੀ ਜ਼ਿੰਦਗੀ ਦੀ ਕਹਾਣੀ ਲਾਈਏ ਜੇ ਯਾਰੀਆ ਵੀ ਬੁਣਦਾ ਹੈ।ਉਹ ਛੱਲਾ ਮੁੜਕੇ ਨਹੀਂ ਆਇਆ ਵੀ ਬਣਾਉਂਦਾ ਹੈ ਅਤੇ ਉਹ ਨਾਲੋਂ ਨਾਲ ਮਨੋਰੰਜਨ ਨੂੰ ਧਿਆਨ ਵਿੱਚ ਰੱਖਦਿਆਂ ਚੱਲ ਮੇਰਾ ਪੁੱਤ ਅਤੇ ਹੁਣ ਅੰਨ੍ਹੀ ਦਿਆ ਮਜ਼ਾਕ ਈ ਵੀ ਬਣਾਉਂਦਾ ਹੈ।ਉਹ ਗੱਲ ਵੱਖਰੀ ਹੈ ਕਿ ਇਹਨਾਂ ਫਿਲਮਾਂ ਵਿੱਚ ਬਹੁਤ ਕਮਜ਼ੋਰੀਆਂ ਵੀ ਰਹਿੰਦੀਆਂ ਹਨ ਅਤੇ ਇਹਨਾਂ ਫਿਲਮਾਂ ਦੀ ਕਥਾਨਕ ਤੋਂ ਵਿਸ਼ੇ ਤੋਂ ਆਲੋਚਣਾ ਵੀ ਹੋਣੀ ਚਾਹੀਦੀ ਹੈ।
ਨਸੀਰ ਚਿਨਓਟੀ, ਇਫਤਿਖਾਰ ਠਾਕੁਰ ਜਹੇ ਲਹਿੰਦੇ ਪੰਜਾਬ ਦੇ ਕਲਾਕਾਰਾਂ ਨੂੰ ਲਿਆ ਅਤੇ ਪੰਜਾਬੀ ਫਿਲਮਾਂ ਵਿੱਚ ਇਹਨਾਂ ਕਲਾਕਾਰਾਂ ਨਾਲ ਸਾਂਝੇ ਤੌਰ ‘ਤੇ ਕੰਮ ਕਰਨ ਦੀ ਗੁਣਵੱਤਾ ਪੱਖੋ ਅਤੇ ਵਪਾਰਕ ਪੱਖੋਂ ਵੀ ਪਹਿਲ ਇਹੋ ਪ੍ਰੋਡਕਸ਼ਨ ਹਾਊਸ ਕਰਦਾ ਹੈ।ਇਹੋ ਪ੍ਰੋਡਕਸ਼ਨ ਹਾਊਸ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਦੀ ਛੋਹ ਪਾਉਂਦਾ ਭੱਜੋ ਵੀਰੋ ਵੇ ਵੀ ਬਣਾਉਂਦਾ ਹੈ।
ਪੰਜਾਬੀ ਸਿਨੇਮਾ ਵਿੱਚ ਅਜਬ ਜਿਹਾ ਦਵੰਦ ਹੈ ਜਾਂ ਕਹਿ ਲਵੋ ਸੰਕਟ ਹੈ।ਵਿਸ਼ੇ ਪੱਖੋਂ ਵਧੀਆ ਕਹਾਣੀ ਦੇਵੇਗਾ ਤਾਂ ਵਪਾਰਕ ਪੱਖ ਤੋਂ ਚੱਲਣ ਦੀ ਉਮੀਦ ਨਹੀਂ ਬਣਦੀ।ਵਪਾਰਕ ਪੱਖ ਤੋਂ ਜਿਹੜੀਆਂ ਫਿਲਮਾਂ ਦਿੱਤੀਆਂ ਜਾ ਰਹੀਆਂ ਹਨ ਉਹ ਮਹਿਜ਼ ਹਾਸਰਸ ਹਨ ਅਤੇ ਉਹਨਾਂ ਕਹਾਣੀਆਂ ‘ਚ ਜੜ੍ਹ ਹੋਇਆ ਫਾਰਮੂਲਾ ਹੈ।ਕਹਾਣੀ ਅੰਤ ਤੱਕ ਇੰਝ ਹੀ ਪਹੁੰਚਦੀ ਹੈ ਭਾਂਵੇ ੳ ਅ ੲ ਸ ਕੋਈ ਵੀ ਕਹਾਣੀ ਕਿਉਂ ਨਾ ਹੋਵੇ।ਕਹਾਣੀ ਦੇ ਮੋੜ ਅਤੇ ਪਾਤਰ ਇੱਕ ਦੂਜੇ ਨਾਲ ਉਲਝਦੇ ਹਨ ਅਤੇ ਅੰਤ ਸਭ ਇੱਕ ਜਗ੍ਹਾ ਇੱਕਠੇ ਹੋ ਅੰਤ ਵੱਲ ਖਤਮ ਹੋ ਜਾਂਦੇ ਹਨ।
ਅੰਨ੍ਹੀ ਦਿਆ ਮਜ਼ਾਕ ਈ ਨਾਲ ਵੀ ਇਹੋ ਸਮੱਸਿਆ ਹੈ।ਫਿਲਮ ਵਿੱਚ ਨਿੱਕੇ ਨਿੱਕੇ ਕਹਾਣੀਆਂ ਦੇ ਗੁੱਛੇ ਹਨ ਜੋ ਸਾਨੂੰ ਵਧੀਆ ਲੱਗਦੇ ਹਨ ਪਰ ਕਹਾਣੀ ਆਪਣੇ ਕਥਾਨਕ ਤੋਂ ਪਹਿਲਾਂ ਤੋਂ ਹੀ ਉਹੋ ਰਾਹ ‘ਤੇ ਹੈ ਜਿੱਥੇ ਵੇਖਣ ਵਾਲੇ ਨੂੰ ਪਤਾ ਹੀ ਹੈ ਕਿ ਇਹ ਕਹਾਣੀ ਇੰਝ ਹੀ ਤੁਰਨੀ ਹੈ।ਫਿਰ ਭਾਂਵੇ ਮੁੱਖ ਪਾਤਰ ਅੰਨ੍ਹਾ ਹੀ ਕਿਉਂ ਨਾ ਵਿਖਾ ਦਿਓ।ਸੋਚੋ ਕਿ ਜੇ ਉਹ ਅੰਨ੍ਹਾ ਨਾ ਹੋਵੇ ਤਾਂ ਵੀ ਉਹਦੇ ਲਈ ਨਾਇਕਾ ਨਾਲ ਪਿਆਰ ਹੋਣਾ,ਮਾਪਿਆਂ ਨੂੰ ਗੱਲ ਜਚਾਉਣਾ ਅਤੇ ਅੰਤ ਕੁੜੀ ਦੇ ਮਾਪਿਆਂ ਨੂੰ ਬਚਾ ਦਿਲ ਜਿੱਤ ਦਿਆਂ ਪਿਆਰ ਹਾਸਲ ਕਰਨ ਨਾਲ ਕਹਾਣੀ ਉੱਕਾ ਵੀ ਬਦਲ ਨਹੀਂ ਜਾਣੀ ਸੀ।
ਫਿਲਮ ਵਿੱਚ ਐਮੀ ਵਿਰਕ ਦੀ ਕੌਸ਼ਿਸ਼ ਈਮਾਨਦਾਰ ਹੁੰਦੀ ਹੈ।ਗੁਰਦੀਪ ਗਰੇਵਾਲ ਉਹਦੀ ਭੈਣ ਦੀ ਭੂਮਿਕਾ ਵਿੱਚ ਅਦਾਕਾਰਾ ਨਾਲੋਂ ਵਧੇਰੇ ਸਹਿਜ ਲੱਗਦੀ ਹੈ।ਨਸੀਰ ਚਿਨਓਟੀ ਦੀ ਖੂਬੀ ਹੀ ਇਹ ਹੈ ਕਿ ਉਹ ਆਪਣੇ ਢੰਗ ਦੀ ਕਮੇਡੀ ਕਰਨ ਦਾ ਮਾਹਰ ਹੈ ਅਤੇ ਦਰਸ਼ਕ ਨੂੰ ਵਧੀਆ ਵੀ ਲੱਗਦਾ ਹੈ।ਮਸਲਾ ਫਿਲਮ ਦੇ ਚੰਗੇ ਬੁਰੇ ਹੋਣ ਦਾ ਨਹੀਂ ਹੈ।ਹੋ ਸਕਦਾ ਕਿ ਵਪਾਰਕ ਪੱਖ ਤੋਂ ਵਧੀਆ ਵੀ ਕਰ ਜਾਵੇ ਪਰ ਮਸਲਾ ਹੈ ਕਿ ਇਹਨਾਂ ਸਾਰੀਆਂ ਫਿਲਮਾਂ ਦੀ ਕਹਾਣੀਆਂ ਟਾਈਮਲਾਈਨ ਚਿਰਪਰਚਿਤ ਇੱਕ ਜੜ੍ਹ ਹੋਏ ਫਾਰਮੂਲਾ ‘ਚ ਟਾਈਪਡ ਹੋ ਗਈਆਂ ਹਨ।
ਮੈਂ ਪਿੱਛੇ ਜਹੇ ‘ਦੀ ਵ੍ਹੇਲ’ ਫਿਲਮ ਦੀ ਉਦਾਹਰਨ ਦਿੱਤੀ ਸੀ।ਦੂਜੀ ਉਦਾਹਰਨ ਐਵਰੀਥਿੰਗ ਐਵਰੀਵੇਅਰ ਆਲ ਏਟ ਵਨਸ ਦੀ ਸੀ।ਇੱਕ ਫਿਲਮ ਅਮਰੀਕਨ ਜਿੰਦਗੀ ਦੀ ਉਸ ਬੰਦੇ ਦੀ ਹੈ ਜੋ ਗੇ ਹੈ,ਇੱਕ ਧੀ ਦਾ ਪਿਓ ਹੈ,ਘਰਵਾਲੀ ਤੋਂ ਵੱਖ ਹੈ,ਅਤਿ ਮੋਟਾ ਹੈ ਅਤੇ ਆਨ ਲਾਈਨ ਗਣਿਤ ਦਾ ਅਧਿਆਪਕ ਹੈ।ਕਿਸੇ ਖਿੱਤੇ ਦੀ ਜ਼ਿੰਦਗੀ ਜਿਵੇਂ ਦੀ ਹੁੰਦੀ ਹੈ ਫਿਲਮ ਉਹਨਾਂ ਕਹਾਣੀਆਂ ਨੂੰ ਬੁਣਦਾ ਹੈ ਤਾਂ ਇੰਝ ਦੀਆਂ ਫਿਲਮਾਂ ਬਣਦੀਆਂ ਹਨ।ਪੰਜਾਬੀ ਸਿਨੇਮਾ ਅਸਲ ਜ਼ਿੰਦਗੀ ਆਪਣੇ ਖਿੱਤੇ ਆਪਣੇ ਪਾਤਰਾਂ ਨਾਲ ਆਪਣੀ ਮੂਲ ਕਹਾਣੀ ਸੰਕਟ ਵਾਲੀ,ਹਾਸਰਸ ਵਾਲੀ,ਮੌਜੂਦਾ ਜਾਂ ਪੀਰੀਅਡ ਨਹੀਂ ਬਣਾਉਂਦਾ।ਤੁਹਾਨੂੰ ਬਹੁਤੀ ਵਾਰ ਇਹੋ ਲੱਗਦਾ ਹੈ ਕਿ ਇਹ ਕਹਾਣੀ ਮੇਰੇ ਆਲੇ ਦੁਆਲੇ ਇੰਝ ਸ਼ਾਇਦ ਹੀ ਵਾਪਰਦੀ ਹੋਵੇ।ਅਮਰੀਕਨ ਫਿਲਮਾਂ ਵਿਚੋਂ ਇਸ ਸਾਲ ਆਸਕਰ ਦੀਆਂ ਇਹ ਦੋ ਫਿਲਮਾਂ ਹੋਣ ਜਾਂ ਅਮਰੀਕਨ ਬਿਊਟੀ ਜਾਂ ਕੋਈ ਵੀ ੳ ਅ ੲ ਫਿਲਮ ਹੋਵੇ ਵੇਖ ਲੱਗਦਾ ਹੈ ਕਿ ਇਹ ਹਾਸਰਸ ਕਹਾਣੀ,ਗੰਭੀਰ ਕਹਾਣੀ,ਸਿਆਸੀ ਸਮਾਜਿਕ ਸੰਕਟ ਜਾਂ ਹਲਾਤ ਦੀ ਕਹਾਣੀ ਮੇਰੇ ਆਲੇ ਦੁਆਲੇ ਹੀ ਵਾਪਰੀ ਹੈ।ਦਰਸ਼ਕ ਆਪਣੀ ਕਹਾਣੀ ਨਾਲ ਜੁੜਾਓ ਮਹਿਸੂਸ ਕਰੇਗਾ ਤਾਂ ਹੀ ਸਿਨੇਮਾ ਮਜ਼ਬੂਤ ਹੋਵੇਗਾ।
ਇਸੇ ਕਰਕੇ ਪੰਜਾਬੀ ਸਿਨੇਮੇ ਦਾ ਇਹ ਸੰਕਟ ਬਣਿਆ ਰਹਿੰਦਾ ਹੈ ਕਿ ਅੱਜ ਖਤਮ ਹੋਇਆ ਮੰਨੋ ਕੱਲ੍ਹ ਸੰਕਟ ਆਇਆ ਲਓ ! ਮਸਲਾ ਇਹ ਨਹੀਂ ਕਿ ਲਾਰਜਰ ਦੈਨ ਲਾਈਫ ਜਾਂ ਅਤਿ ਮਨੋਰੰਜਨ ਜਾਂ ਸੱਚਾਈ ਤੋਂ ਦੂਰ ਕਹਾਣੀਆਂ ਨਹੀਂ ਬਣ ਸਕਦੀਆਂ ਪਰ ਹਰ ਫਿਲਮ ਵਾਰੀ ਤੁਹਾਨੂੰ ਇਸ ਫੋਬੀਆ ਤੋਂ ਨਿਕਲਣਾ ਹੀ ਪੈਣਾ ਹੈ।ਕਲੀ ਜੋਟਾ ਹੋਵੇ ਜਾਂ ਚੱਲ ਜਿੰਦੀਏ ਤਾਜ਼ਾ ਉਦਾਹਰਨ ਹਨ।ਵਿਸ਼ੇ ਪੱਖੋਂ ਇਹਨਾਂ ਬਾਰੇ ਵੀ ਭਾਂਵੇ ਘਾਟਾਂ ਰਹੀਆਂ ਹੋਣ ਪਰ ਉਹ ਉਸ ਲਕੀਰ ਨੂੰ ਤੋੜਣ ਦਾ ਤਹੱਈਆ ਤਾਂ ਹੈ।
~ ਹਰਪ੍ਰੀਤ ਸਿੰਘ ਕਾਹਲੋਂ