Berlin Olympics

ਬਰਲਿਨ ਓਲੰਪਿਕ ਲਈ ਹੈਡ ਕੋਚ ਦੇ ਤੌਰ ’ਤੇ ਚੁਣੀ ਗਈ ਅੰਜਨਾ ਦਾ ਬ੍ਰਮ ਸ਼ੰਕਰ ਜਿੰਪਾ ਨੇ ਕੀਤਾ ਸਨਮਾਨ

ਹੁਸ਼ਿਆਰਪੁਰ, 28 ਮਈ 2023: ਕੈਬਿਨਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਬਰਲਿਨ (ਜਰਮਨੀ) ਵਿੱਚ ਹੋਣ ਜਾ ਰਹੀਆਂ ਸਪੈਸ਼ਲ ਓਲੰਪਿਕ ਖੇਡਾਂ 2023 (Berlin Olympics) ਲਈ ਹੈਡ ਕੋਚ ਦੇ ਤੌਰ ’ਤੇ ਚੁਣੀ ਗਈ ਆਸ਼ਾ ਕਿਰਨ ਸਪੈਸ਼ਲ ਸਕੂਲ ਦੀ ਕੋਚ ਅੰਜਨਾ ਨੂੰ ਸਕੂਲ ਜਾ ਕੇ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਵੀ ਅੰਜਨਾ ਨੂੰ ਇਸ ਪ੍ਰਾਪਤੀ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।

ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਬਰਲਿਨ ਵਿਖੇ 14 ਤੋਂ 25 ਜੂਨ ਤੱਕ ਹੋਣ ਵਾਲੀਆਂ ਸਪੈਸ਼ਲ ਉਲੰਪਿਕ ਖੇਡਾਂ ਵਿੱਚ ਪੂਰੇ ਸੂਬੇ ਵਿਚੋਂ ਹੁਸ਼ਿਆਰਪੁਰ ਦੀ ਅੰਜਨਾ ਨੂੰ ਹੈਡ ਕੋਚ ਵਜੋਂ ਚੁਣਿਆ ਗਿਆ ਹੈ, ਜੋ ਕਿ ਆਸ਼ਾ ਕਿਰਨ ਸਪੈਸ਼ਲ ਸਕੂਲ ਵਿੱਚ ਕੋਚ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਅਥਲੈਟਿਕਸ ਤੋਂ ਮੁੱਖ ਕੋਚ ਅੰਜਨਾ, 7 ਅਥਲੀਟ ਅਤੇ ਇੱਕ ਯੂਨੀਫਾਈਡ ਪਾਰਟਨਰ ਜਾ ਰਹੇ ਹਨ।

ਸਮਾਗਮ ਦੌਰਾਨ ਆਸ਼ਾ ਕਿਰਨ ਸਪੈਸ਼ਲ ਸਕੂਲ ਦੇ ਬੱਚਿਆਂ ਦੀਆਂ ਗਤੀਵਿਧੀਆਂ ਦੇਖ ਕੇ ਬੇਹੱਦ ਪ੍ਰਭਾਵਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੀ ਪੂਰੀ ਟੀਮ ਸ਼ਲਾਘਾਯੋਗ ਕੰਮ ਕਰ ਰਹੀ ਹੈ ਅਤੇ ਨਿਰਸਵਾਰਥ ਹੋ ਕੇ ਮਨੁੱਖਤਾ ਦੀ ਸੇਵਾ ਵਿੱਚ ਲੱਗੀ ਹੋਈ ਹੈ। ਇਸ ਮੌਕੇ ਉਨ੍ਹਾਂ 26 ਜਨਵਰੀ 2023 ਨੂੰ ਸੱਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਸੰਸਥਾ ਨੂੰ ਇਕ ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸੌਂਪਿਆ। ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਦੌਰਾਨ ਸਕੂਲ ਨੂੰ ਛੇ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਦਾ ਭਰੋਸਾ ਦਿੱਤਾ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਸਪੈਸ਼ਲ ਬੱਚਿਆਂ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਭਾਵੁਕ ਹੋ ਗਏ ਅਤੇ ਕਿਹਾ ਕਿ ਬਿਨ੍ਹਾਂ ਸੁਣੇ ਅਤੇ ਬਿਨ੍ਹਾਂ ਦੇਖੇ ਕੋਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਿਸ ਤਰ੍ਹਾਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸਕੂਲ ਦੇ ਅਧਿਆਪਕਾਂ ਦੀ ਸਮਰਪਿਤ ਭਾਵਨਾ ਸਦਕਾ ਹੀ ਸੰਭਵ ਹੋ ਸਕਿਆ ਹੈ। ਸਮਾਗਮ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਸਕੂਲ ਦੇ ਵਿਹੜੇ ਵਿੱਚ ਬੂਟੇ ਵੀ ਲਗਾਏ।

ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਐਡਵਾਈਜ਼ਰ ਪਰਮਜੀਤ ਸਿੰਘ ਸਚਦੇਵਾ ਨੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਅਤੇ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ ਅਤੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਚਾਰ ਸਪੈਸ਼ਲ ਬੱਚਿਆਂ, ਇੱਕ ਅਧਿਆਪਕ ਅਤੇ ਇਕ ਕਿਰਾਏ ਦੀ ਇਮਾਰਤ ਨਾਲ ਇਹ ਸਪੈਸ਼ਲ ਸਕੂਲ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪਿੰਡ ਜਹਾਨਖੇਲਾਂ ਦੀ ਪੰਚਾਇਤ ਨੇ ਸਕੂਲ ਨੂੰ ਜ਼ਮੀਨ ਦਾਨ ਦਿੱਤੀ ਅਤੇ ਲੋਕਾਂ ਦੇ ਸਹਿਯੋਗ ਨਾਲ ਅੱਜ ਇਹ ਸਕੂਲ ਨਾ ਸਿਰਫ਼ ਵਿਸ਼ੇਸ਼ ਬੱਚਿਆਂ ਨੂੰ ਪੜ੍ਹਾ ਰਿਹਾ ਹੈ, ਉਥੇ ਫਿਜ਼ੀਓਥੈਰੇਪੀ, ਸਪੀਚ ਥੈਰੇਪੀ, ਵਿਸ਼ੇਸ਼ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮ ਆਰਟ ਐਂਡ ਕਰਾਫਟ ਟ੍ਰੇਨਿੰਗ ਐਂਡ ਸਪੋਰਟਸ ਦੀ ਵੀ ਟ੍ਰੇਨਿੰਗ ਦਿੰਤੀ ਜਾ ਰਹੀ ਹੈ। ਇਸ ਤੋਂ ਇਲਾਵਾ ਡਿਪਲੋਮਾ ਇਨ੍ ਸਪੈਸ਼ਲ ਐਜੂਕੇਸ਼ਨ ਜੋ ਕਿ ਰੀਹੈਬਲੀਟੇਸ਼ਨ ਕੌਂਸਲ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਹੈ, ਵੀ ਚਲਾਇਆ ਜਾ ਰਿਹਾ ਹੈ।

ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ (ਸੀ.ਏ) ਨੇ ਮੁੱਖ ਮਹਿਮਾਨਾਂ ਦਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਹੈਂਡ ਕੋਚ ਅੰਜਨਾ ਨੂੰ ਵਿਸ਼ੇਸ਼ ਓਲੰਪਿਕ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ, ਮੈਂਬਰ ਮਲਕੀਤ ਸਿੰਘ ਮਹੇੜੂ, ਰਾਮ ਆਸਰਾ, ਹਰਮੇਸ਼ ਤਲਵਾੜ, ਹਰੀਸ਼ ਮਨੋਚਾ, ਭੁਪਿੰਦਰ ਸਿੰਘ ਭਾਰਜ, ਕੋਰਸ ਕੋਆਰਡੀਨੇਟਰ ਵਰਿੰਦਰ ਕੁਮਾਰ, ਇੰਦੂ ਠਾਕੁਰ, ਪਿ੍ੰਸੀਪਲ ਸ਼ੈਲੀ ਸ਼ਰਮਾ ਆਦਿ ਹਾਜ਼ਰ ਸਨ।

Scroll to Top