ਹਰਿਆਣਾ, 11 ਅਕਤੂਬਰ 2025: ਹਰਿਆਣਾ ਦੇ ਟਰਾਂਸਪੋਰਟ, ਊਰਜਾ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀਆਂ ਬੈਠਕਾਂ ‘ਚ ਪਾਸ ਕੀਤੇ ਗਏ ਸਾਰੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਕੈਬਿਨਟ ਮੰਤਰੀ ਨੇ ਕਈ ਮਾਮਲਿਆਂ ‘ਚ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ। ਉਨ੍ਹਾਂ ਪੰਜ ਵੱਖ-ਵੱਖ ਮਾਮਲਿਆਂ ‘ਚ ਜ਼ਿੰਮੇਵਾਰ ਕਰਮਚਾਰੀਆਂ, ਵਿੱਤ ਕੰਪਨੀਆਂ ਅਤੇ ਹੋਰਾਂ ਵਿਰੁੱਧ ਕੇਸ ਦਰਜ ਕਰਨ ਅਤੇ ਲੋੜੀਂਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਉਪ-ਮੰਡਲ ਅਧਿਕਾਰੀ (ਐਸ.ਡੀ.ਓ.) ਨੂੰ ਮੁਅੱਤਲ ਕਰਨ ਦੇ ਵੀ ਹੁਕਮ ਦਿੱਤੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰਾਂ ਅਤੇ ਅਧਿਕਾਰੀਆਂ ‘ਤੇ ਆਧਾਰਿਤ ਕਮੇਟੀਆਂ ਬਣਾਉਣ ਦੇ ਹੁਕਮ ਦਿੱਤੇ ਜੋ ਦੋ ਮਾਮਲਿਆਂ ਵਿੱਚ ਜਾਂਚ ਰਿਪੋਰਟਾਂ ਪੇਸ਼ ਕਰਨ, ਅਤੇ ਡਿਪਟੀ ਕਮਿਸ਼ਨਰ ਇੱਕ ਮਾਮਲੇ ‘ਚ ਜਾਂਚ ਕਰਕੇ ਰਿਪੋਰਟ ਪੇਸ਼ ਕਰਨ।
ਮੰਤਰੀ ਨੇ ਬੀਤੇ ਦਿਨ ਕੈਥਲ ਦੇ ਆਰਕੇਐਸਡੀ ਕਾਲਜ ਦੇ ਆਡੀਟੋਰੀਅਮ ‘ਚ ਹੋਈ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਦੌਰਾਨ ਮੰਤਰੀ ਅਨਿਲ ਵਿਜ ਨੇ 19 ਸ਼ਿਕਾਇਤਾਂ ਸੁਣੀਆਂ, ਜਿਨ੍ਹਾਂ ‘ਚ ਪੰਜ ਪੁਰਾਣੀਆਂ ਅਤੇ 14 ਨਵੀਆਂ ਸਨ।
ਮੀਟਿੰਗ ਵਿੱਚ ਧਨੌਰੀ ਪਿੰਡ ਦੇ ਵਿਦਿਆਰਥੀਆਂ ਲਈ ਸਹਿਕਾਰੀ ਬੱਸਾਂ ‘ਤੇ ਸਰਕਾਰੀ ਪਾਸ ਨਾ ਮਿਲਣ ਸਬੰਧੀ ਸ਼ਿਕਾਇਤ ਪੇਸ਼ ਕੀਤੀ । ਮਾਮਲੇ ਦੀ ਸੁਣਵਾਈ ਕਰਦਿਆਂ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਉਹ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰਨ ਅਤੇ ਵਿਦਿਆਰਥੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਇੱਕ ਰਾਜ ਪੱਧਰੀ ਮੀਟਿੰਗ ਕਰਨਗੇ।
Read More: ਹੁਣ ਜੀਐਸਟੀ ‘ਚ ਸਿਰਫ ਦੋ ਮੁੱਖ ਸਲੈਬਾਂ 5% ਤੇ 18% ਰਹਿਣਗੀਆਂ: ਅਨਿਲ ਵਿਜ