ਐਸ.ਏ.ਐਸ.ਨਗਰ, 08 ਅਗਸਤ 2023: ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਜਿਲ੍ਹਾ ਐਸ.ਏ.ਐਸ. ਨਗਰ ਦੇ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿਚ ਸਥਿਤ 650 ਆਂਗਣਵਾੜੀ ਸੈਂਟਰਾਂ ਵਿਚ ਵਰਲਡ ਬਰੈਸਟ ਫੀਡਿੰਗ ਹਫਤਾ 1 ਤੋਂ 7 ਅਗਸਤ, 2023 ਤੱਕ ਵਿਸ਼ੇਸ਼ ਮੁਹਿੰਮ ਤਹਿਤ ਆਂਗਣਵਾੜੀ ਵਰਕਰਾਂ (Anganwadi workers) ਅਤੇ ਹੈਲਪਰਾਂ ਵਲੋਂ ਔਰਤਾਂ ਨੂੰ ਮਾਂ ਦਾ ਦੁੱਧ ਬੱਚੇ ਨੂੰ ਪਿਲਾਉਣ ਸਬੰਧੀ ਉਤਸ਼ਾਹਿਤ ਕੀਤਾ ਗਿਆ।
ਇਸ ਮੌਕੇ ਔਰਤਾਂ ਨੂੰ ਦੱਸਿਆ ਕਿ ਨਵਜਨਮੇਂ ਬੱਚੇ ਦੀ ਨਿਰੋਗ ਅਤੇ ਤੰਦਰੁਸਤ ਸਿਹਤ ਲਈ ਮਾਂ ਦਾ ਦੁੱਧ ਬਹੁਤ ਪ੍ਰਭਾਵਸ਼ਾਲੀ ਹੈ। ਇਹ ਹਫਤਾ ਇਸ ਗੱਲ਼ ਵੱਲ ਧਿਆਨ ਦਿੰਦਾ ਹੈ ਕਿ ਨਵਜਨਮੇ ਬੱਚਿਆਂ ਅਤੇ ਮਾਵਾਂ ਦੀ ਸਿਹਤ ਸੰਭਾਲ ਵਿਚ ਸੁਧਾਰ ਲਈ ਕਿਹੜੀਆ ਨੀਤੀਆਂ ਦੀ ਲੋੜ ਹੈ। ਇਸ ਹਫਤੇ ਦੌਰਾਨ ਜਿਲ੍ਹਾ ਐਸ.ਏ.ਐਸ. ਨਗਰ ਅਧੀਨ ਪੈਂਦੇ ਬਲਾਕਾਂ ਡੇਰਾਬੱਸੀ, ਮਾਜਰੀ, ਖਰੜ-1 ਅਤੇ ਖਰੜ-2 ਵਿਖੇ ਜਿਲ੍ਹਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਦੀ ਅਗਵਾਈ ਹੇਠ, ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਗਤੀਵਿਤੀਆਂ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਰਾਹੀਂ ਜਮੀਨੀ ਪੱਧਰ ‘ਤੇ ਹਰ ਪਿੰਡ ਅਤੇ ਵਾਰਡ ਵਿਚ ਕਰਵਾਈਆਂ ਗਈਆਂ।
ਸ਼੍ਹੀਮਤੀ ਹਰਦੀਪਮ, ਜਿਲ੍ਹਾ ਕੋਆਰਡੀਨੇਟਰ (ਪੋਸ਼ਣ ਅਭਿਆਨ) ਵਲੋਂ ਦੱਸਿਆ ਗਿਆ ਕਿ ਇਸ ਸਾਲ ਦੇ ਥੀਮ ‘ਚ ਮੁੱਖ ਕਰਕੇ ਬੱਚੇ ਦੇ ਜਨਮ ਦੇ ਇਕ ਘੰਟੇ ‘ਚ ਮਾਂ ਦਾ ਪੀਲਾ ਗਾੜ੍ਹਾ ਦੁੱਧ ਪਿਲਾਉਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਣਾ ਸੀ। ਇਸ ਦੇ ਨਾਲ ਹੀ ਪ੍ਰਾਪਤ ਹਦਾਇਤਾਂ ਵਿਚ ਬੱਚੇ ਨੂੰ ਪਹਿਲੇ ਛੇ ਮਹੀਨੇ ਕੇਵਲ ਮਾਂ ਦਾ ਦੁੱਧ ਤੇ ਦੋ ਸਾਲ ਤਕ ਲਗਾਤਾਰ ਮਾਂ ਦਾ ਦੁੱਧ ਦੇਣ ਦੇ ਨਾਲ-ਨਾਲ ਬਣਦਾ ਓਪਰੀ ਆਹਾਰ ਦੇਣ ਲਈ ਜ਼ੋਰ ਦਿੱਤਾ ਜਾਣਾ ਸੀ।
ਇਸ ਹਫਤੇ ਨੂੰ ਸਫਲ ਬਣਾਉਣ ਹਿੱਤ ਵੱਖ-ਵੱਖ ਤਰ੍ਹਾਂ ਦੀਆਂ ਜਾਗਰੂਰਤਾ ਗਤੀਵਿਧੀਆ ਜਿਵੇਂ ਕਿ ਨਰਸਿੰਗ ਮਾਂਵਾ ਦੀ ਹੋਮ ਵਿਜਟ, ਖਾਸ ਕਰਕੇ ਸਲਮ ਏਰੀਏ ਵਿਚ ਰਹਿਣ ਵਾਲੀਆਂ ਮਾਵਾਂ ਨੂੰ ਜਾਗਰੂਕ ਕਰਨਾ, ਮਾਵਾਂ ਨਾਲ ਗਰੁੱਪ ਮੀਟਿੰਗਾਂ, ਸਿਹਤ ਵਿਭਾਗ ਦੇ ਸਹਿਯੋਗ ਨਾਲ ਸਿਹਤ ਜਾਂਚ ਕੈਂਪ, ਬੱਚੇ ਅਤੇ ਮਾਵਾਂ ਦੀ ਨਿੱਜੀ ਸਫਾਈ ਆਦਿ ਬਾਰੇ ਜਾਗਰੂਕ ਕਰਨਾ ਸੀ। ਇਸ ਦੌਰਾਨ ਜਿਲ੍ਹੇ ਅਧੀਨ ਨਿਯੁਕਤ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ, ਬਲਾਕ ਕੋਆਰਡੀਨੇਟਰਾਂ, ਸੁਪਰਵਾਈਜ਼ਰਾਂ ਅਤੇ ਆਂਗਣਵਾੜੀ ਵਰਕਰਾਂ/ਹੈਲਪਰਾਂ ਦਾ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਖਾਸ ਯੋਗਦਾਨ ਰਿਹਾ।