ਸਪੋਰਟਸ, 23 ਜੁਲਾਈ 2025: AUS ਬਨਾਮ WI T-20: ਵੈਸਟਇੰਡੀਜ਼ ਦੇ ਪਾਵਰ ਹਿੱਟਰ ਆਂਦਰੇ ਰਸਲ (Andre Russell) ਨੇ ਬੁੱਧਵਾਰ ਨੂੰ ਆਸਟ੍ਰੇਲੀਆ ਵਿਰੁੱਧ ਦੂਜੇ ਟੀ-20 ਮੈਚ ‘ਚ ਧਮਾਕੇਦਾਰ ਪਾਰੀ ਨਾਲ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਹਾਲਾਂਕਿ, ਰਸਲ ਦੀ ਟੀਮ ਨੂੰ ਸਬੀਨਾ ਪਾਰਕ ‘ਚ ਅੱਠ ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਆਂਦਰੇ ਰਸਲ ਨੇ ਟੀ-20 ਸੀਰੀਜ਼ ਤੋਂ ਪਹਿਲਾਂ ਹੀ ਆਪਣੀ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਆਸਟ੍ਰੇਲੀਆ ਵਿਰੁੱਧ ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਦੋ ਮੈਚ ਉਸਦੇ ਅੰਤਰਰਾਸ਼ਟਰੀ ਕਰੀਅਰ ਦੇ ਆਖਰੀ ਮੈਚ ਸਨ। ਆਂਦਰੇ ਰਸਲ ਆਪਣੇ ਜੱਦੀ ਸ਼ਹਿਰ ‘ਚ ਇੱਕ ਵਿਦਾਇਗੀ ਮੈਚ ਖੇਡਣਾ ਚਾਹੁੰਦਾ ਸੀ।
ਆਂਦਰੇ ਰਸਲ (Andre Russell) ਆਸਟ੍ਰੇਲੀਆ ਵਿਰੁੱਧ ਦੂਜੇ ਟੀ-20 ਮੈਚ ‘ਚ ਬੱਲੇਬਾਜ਼ੀ ਕਰਨ ਲਈ ਉਤਰਿਆ ਜਦੋਂ ਟੀਮ 98 ਦੌੜਾਂ ਦੇ ਸਕੋਰ ‘ਤੇ ਪੰਜ ਵਿਕਟਾਂ ਗੁਆ ਚੁੱਕੀ ਸੀ। ਉਨ੍ਹਾਂ ਨੇ ਆਪਣੀ 15 ਗੇਂਦਾਂ ਦੀ ਪਾਰੀ ‘ਚ ਚਾਰ ਛੱਕੇ ਅਤੇ ਦੋ ਚੌਕੇ ਲਗਾਏ। 37 ਸਾਲਾ ਆਂਦਰੇ ਰਸਲ ਨੇ ਪ੍ਰਸ਼ੰਸਕਾਂ ਦਾ ਸਮਰਥਨ ਲਈ ਧੰਨਵਾਦ ਕੀਤਾ ਅਤੇ ਮੰਨਿਆ ਕਿ ਹੁਣ ਅੱਗੇ ਵਧਣ ਦਾ ਸਮਾਂ ਆ ਗਿਆ ਹੈ।
2012 ਅਤੇ 2016 ‘ਚ ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਆਂਦਰੇ ਰਸਲ ਨੇ ਕਿਹਾ, “ਮੈਂ ਸਬੀਨਾ ਪਾਰਕ ਦੇ ਲੋਕਾਂ ਅਤੇ ਵੈਸਟਇੰਡੀਜ਼ ਕ੍ਰਿਕਟ ਬੋਰਡ ਦਾ ਇਸ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਣਾ ਬਹੁਤ ਖੁਸ਼ੀ ਦੀ ਗੱਲ ਸੀ। ਨਤੀਜਾ ਸਾਡੇ ਹੱਕ ‘ਚ ਨਹੀਂ ਸੀ, ਪਰ ਮੈਂ ਇੰਨੇ ਸਾਰੇ ਮੈਚ ਖੇਡ ਕੇ ਖੁਸ਼ ਹਾਂ ਅਤੇ ਟੀਮ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।
ਉਨ੍ਹਾਂ ਕਿਹਾ ਕਿ ਤੁਹਾਡੇ ਸਾਰਿਆਂ ਦੇ ਸਮਰਥਨ ਲਈ ਧੰਨਵਾਦ।” ਉਨ੍ਹਾਂ ਕਿਹਾ, “ਮੈਨੂੰ ਯਾਦ ਹੈ ਕਿ ਅਸੀਂ ਦੋ ਵਿਸ਼ਵ ਕੱਪ ਜਿੱਤੇ ਸਨ, ਪਰ ਲੱਗਦਾ ਹੈ ਕਿ ਹੁਣ ਅੱਗੇ ਵਧਣ ਦਾ ਸਮਾਂ ਆ ਗਿਆ ਸੀ। ਸਾਡੀ ਟੀਮ ‘ਚ ਬਹੁਤ ਸਾਰੇ ਚੰਗੇ ਖਿਡਾਰੀ ਹਨ। ਰੋਮਾਰੀਓ ਸ਼ੈਫਰਡ, ਸ਼ੇਰਫੇਨ ਰਦਰਫੋਰਡ, ਅਲਜ਼ਾਰੀ ਜੋਸਫ਼ ਅਤੇ ਜੇਸਨ ਹੋਲਡਰ ਵਰਗੇ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ।
ਤੁਸੀ ਸਾਡਾ ਬਹੁਤ ਸਮਰਥਨ ਕੀਤਾ ਹੈ ਅਤੇ ਭਵਿੱਖ ‘ਚ ਵੀ ਅਜਿਹਾ ਕਰਦੇ ਰਹੋਗੇ।” ਜਦੋਂ ਵੈਸਟਇੰਡੀਜ਼ ਦਾ ਇਹ ਆਲਰਾਊਂਡਰ ਆਖਰੀ ਵਾਰ ਮੈਰੂਨ ਜਰਸੀ ‘ਚ ਮੈਦਾਨ ‘ਚ ਉਤਰਿਆ, ਤਾਂ ਉਨ੍ਹਾਂ ਨੂੰ ‘ਗਾਰਡ ਆਫ਼ ਆਨਰ’ ਦਿੱਤਾ ਗਿਆ। ਆਂਦਰੇ ਰਸਲ ਨੇ 86 ਟੀ-20 ਮੈਚਾਂ ‘ਚ 1,122 ਦੌੜਾਂ ਬਣਾਈਆਂ। ਇਸ ਫਾਰਮੈਟ ‘ਚ ਉਨ੍ਹਾਂ ਦੇ ਨਾਮ 61 ਵਿਕਟਾਂ ਹਨ। ਇਸ ਦੇ ਨਾਲ ਹੀ ਆਂਦਰੇ ਰਸਲ ਨੇ 56 ਵਨਡੇ ਮੈਚਾਂ ‘ਚ 1,034 ਦੌੜਾਂ ਬਣਾਈਆਂ ਅਤੇ 70 ਵਿਕਟਾਂ ਲਈਆਂ। ਰਸਲ ਨੇ ਆਪਣੇ ਟੈਸਟ ਕਰੀਅਰ ‘ਚ ਸਿਰਫ਼ ਇੱਕ ਮੈਚ ਖੇਡਿਆ।
Read More: AUS ਬਨਾਮ WI: ਆਸਟ੍ਰੇਲੀਆ ਨੇ ਦੂਜੇ ਟੀ-20 ‘ਚ ਵੈਸਟਇੰਡੀਜ਼ ਨੂੰ ਦਿੱਤੀ ਕਰਾਰੀ ਹਾਰ