ਚੰਡੀਗੜ੍ਹ, 5 ਮਾਰਚ 2024: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਵਿੱਚ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਅਜੋਲੀ ਤੋਂ ਬੇਲਾ–ਧਿਆਨੀ , ਭੱਲੜੀ ਤੋਂ ਖੇੜਾ ਕਲਮੋਟ ਵਿਚਕਾਰ ਸਿੱਧਾ ਸੜਕੀ ਸੰਪਰਕ ਸਥਾਪਤ ਕਰਨ ਲਈ ਦੋ ਪੁਲਾਂ ਦੀ ਉਸਾਰੀ ਲਈ 30 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਨ੍ਹਾਂ ਪੁਲਾਂ ਦੀ ਉਸਾਰੀ ਲਈ ਰਾਸ਼ੀ ਰਾਖਵੀਂ ਰੱਖਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦਾ ਧੰਨਵਾਦ ਕੀਤਾ ਹੈ।ਅੱਜ ਇਥੇ ਜਾਰੀ ਇਕ ਬਿਆਨ ਵਿੱਚ ਸ. ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਜਿੱਥੇ ਅਨੰਦਪੁਰ ਸਾਹਿਬ ਦੀ ਹਲਕੇ ਦੀ ਨੁਹਾਰ ਬਦਲੇਗੀ ਉਥੇ ਨਾਲ ਹੀ ਸਤਿਗੁਰੂ ਰਵਿਦਾਸ ਨਾਲ ਸਬੰਧਤ ਇਤਿਹਾਸਕ ਸਥਾਨ ਖੁਰਾਲਗੜ੍ਹ ਨਾਲ ਵੀ ਸਿੱਧਾ ਸੰਪਰਕ ਸਥਾਪਤ ਹੋ ਜਾਵੇਗਾ।
ਉਨ੍ਹਾ ਕਿਹਾ ਕਿ ਇਨ੍ਹਾਂ ਪੁਲਾਂ ਦੀ ਉਸਾਰੀ ਨਾਲ ਹਿਮਾਚਲ ਦੇ ਟਾਹਲੀਵਾਲ ਖੇਤਰ ਵਿੱਚ ਕੰਮ ਕਰਨ ਵਾਲੇ ਪੰਜਾਬ ਵਾਸੀਆਂ ਨੂੰ ਵੀ ਲਾਭ ਮਿਲੇਗਾ ਅਤੇ ਉਨ੍ਹਾਂ ਨੂੰ ਆਪਣੇ ਘਰ ਤੋਂ ਕੰਮ ਵਾਲੇ ਸਥਾਨ ਤੱਕ ਪਹੁੰਚਣ ਲਈ ਵੀ ਨਵਾਂ ਬਦਲਵਾਂ ਰਸਤਾ ਮਿਲ ਜਾਵੇਗਾ ।
ਉਨ੍ਹਾਂ ਕਿਹਾ ਇਨ੍ਹਾਂ ਪੁਲਾਂ ਦੀ ਉਸਾਰੀ ਨਾਲ ਭਨੂਪਲੀ ਤੋਂ ਖੇੜਾ ਕਲਮੋਟ ਤੱਕ ਜਿੱਥੇ ਇੱਕ ਨਵਾਂ ਰਸਤਾ ਬਣ ਜਾਵੇਗਾ ਉਥੇ ਨਾਲ ਹੀ ਹੜ੍ਹਾਂ ਦੇ ਦਿਨਾਂ ਵਿੱਚ ਇਸ ਇਲਾਕੇ ਦੀ ਕਨੈਕਟੀਵਿਟੀ ਬਣੀ ਰਹੇਗੀ ਤੇ ਨਾਲ ਹੀ ਜਿੱਥੇ ਪਹਿਲਾਂ ਖੇੜਾ ਕਲਮੋਟ ਤੋਂ ਭਨੂਪਲੀ ਤੋਂ ਘੱਟੋ-ਘੱਟ 1 ਘੰਟੇ ਦਾ ਸਮਾਂ ਲਗਦਾ ਸੀ ਉਥੇ ਇਨ੍ਹਾਂ ਪੁਲਾਂ ਦੀ ਉਸਾਰੀ ਨਾਲ ਦਸ ਮਿੰਟ ਦੀ ਰਹਿ ਜਾਵੇਗੀ।