Anand Marriage Act

ਚੰਡੀਗੜ੍ਹ ‘ਚ ਲਾਗੂ ਹੋਇਆ ਆਨੰਦ ਮੈਰਿਜ ਐਕਟ, ਇਸ ਤਰ੍ਹਾਂ ਕਰਵਾਓ ਰਜਿਸਟ੍ਰੇਸ਼ਨ

ਚੰਡੀਗੜ੍ਹ, 09 ਜੂਨ 2023: ਚੰਡੀਗੜ੍ਹ ਵਿਚ ਸਿੱਖ ਰੀਤੀ-ਰਿਵਾਜ਼ਾਂ ਤਹਿਤ ਵਿਆਹ ਨੂੰ ਆਨੰਦ ਮੈਰਿਜ ਐਕਟ (Anand Marriage Act) 1909 ਤਹਿਤ ਰਜਿਸਟਰਡ ਕਰਵਾ ਸਕਦੇ ਹੋ । ਯੂ.ਟੀ. (ਚੰਡੀਗੜ੍ਹ) ਪ੍ਰਸ਼ਾਸਨ ਨੇ ਆਨੰਦ ਮੈਰਿਜ ਰਜਿਸਟ੍ਰੇਸ਼ਨ ਨਿਯਮ 2018 ਨੂੰ ਅਧਿਸੂਚਿਤ ਕੀਤਾ, ਜਿਸ ਵਿੱਚ ਹੁਣ ਆਨੰਦ ਮੈਰਿਜ ਐਕਟ, 1909 ਦੇ ਤਹਿਤ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਜਿਸ ਕਾਰਨ ਪ੍ਰਸ਼ਾਸਨ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਪ੍ਰਸ਼ਾਸਨ ਅਨੁਸਾਰ ਅਜੇ ਫਿਲਹਾਲ ਆਫਲਾਈਨ ਮੋਡ ਨਾਲ ਐਕਟ ਤਹਿਤ ਵਿਆਹ ਰਜਿਸਟਰਡ ਕਰਵਾਉਣ ਲਈ ਅਪਲਾਈ ਕੀਤਾ ਜਾ ਸਕਦਾ ਹੈ।

ਫਰਵਰੀ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਆਨੰਦ ਮੈਰਿਜ ਐਕਟ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਨੂੰ ਜਲਦੀ ਲਾਗੂ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ 15 ਮਾਰਚ ਤੋਂ ਹੀ ਇਨ੍ਹਾਂ ਨਿਯਮਾਂ ਤਹਿਤ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ।

ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਹੈ ਕਿ ਚੰਡੀਗੜ੍ਹ ‘ਚ ਵੀ ਸਿੱਖ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਉਣ ਵਾਲੇ ਲੋਕ ਇਸ ‘ਚ ਰਜਿਸਟ੍ਰੇਸ਼ਨ ਲਈ ਅਪਲਾਈ ਕਰ ਸਕਦੇ ਹਨ। ਹੁਣ ਤੁਸੀਂ ਸਿਰਫ਼ ਆਫ਼ਲਾਈਨ ਅਪਲਾਈ ਕਰ ਸਕਦੇ ਹੋ, ਜਿਸ ਦਾ ਫਾਰਮ ਮੈਰਿਜ ਬ੍ਰਾਂਚ (ਵਿੰਡੋ ਨੰਬਰ-5), ਗਰਾਊਂਡ ਫਲੋਰ, ਡਿਪਟੀ ਕਮਿਸ਼ਨਰ ਦਫ਼ਤਰ, ਸੈਕਟਰ-17 ਤੋਂ ਲਿਆ ਜਾ ਸਕਦਾ ਹੈ।

ਚੰਡੀਗੜ੍ਹ ਵਿੱਚ ਇਸ ਵੇਲੇ ਚੰਡੀਗੜ੍ਹ ਕੰਪਲਸਰੀ ਮੈਰਿਜ ਰਜਿਸਟ੍ਰੇਸ਼ਨ ਰੂਲਜ਼ 2012 ਦੇ ਤਹਿਤ ਵਿਆਹ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ ਦੀ ਸਹੂਲਤ ਹੈ, ਜਿਸ ਵਿੱਚ ਬਦਲਾਅ ਕੀਤਾ ਜਾਵੇਗਾ ਅਤੇ ਆਨੰਦ ਮੈਰਿਜ ਐਕਟ ਲਈ ਵੀ ਆਨਲਾਈਨ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ।

ਇਹ ਦਸਤਾਵੇਜ਼ ਰਜਿਸਟਰੇਸ਼ਨ ਲਈ ਲੋੜੀਂਦੇ ਹੋਣਗੇ:-

ਲਾੜੇ ਅਤੇ ਲਾੜੇ ਦੀ ਪਛਾਣ ਦਾ ਸਬੂਤ
ਦੋਵਾਂ ਦੇ ਉਮਰ ਸਬੂਤ ਦਸਤਾਵੇਜ਼
ਗੁਰਦੁਆਰਾ ਸਾਹਿਬ ਤੋਂ ਮੈਰਿਜ ਸਰਟੀਫਿਕੇਟ
ਦੋ ਗਵਾਹਾਂ ਦੀ ਪਛਾਣ ਦਾ ਸਬੂਤ
ਵਿਆਹ ਦੀਆਂ ਤਸਵੀਰਾਂ ਅਤੇ ਗਵਾਹਾਂ ਦੀਆਂ ਫੋਟੋਆਂ ਜੋ ਵਿਆਹ ਵਿੱਚ ਸ਼ਾਮਲ ਹੋਏ
90 ਦਿਨਾਂ ਬਾਅਦ ਰਜਿਸਟ੍ਰੇਸ਼ਨ ਲਈ ਅਰਜ਼ੀ ਦੇਣ ਲਈ ਹਲਫ਼ਨਾਮਾ ਦੇਣਾ ਪਵੇਗਾ
ਵਿਆਹੇ ਜੋੜੇ ਦੇ ਨਾਲ 6 ਪਾਸਪੋਰਟ ਸਾਈਜ ਫੋਟੋ

ਕਾਨੂੰਨ 1909 ਵਿੱਚ ਬਣਿਆ, ਪਰ ਲਾਗੂ ਨਹੀਂ ਕੀਤਾ

ਆਨੰਦ ਮੈਰਿਜ ਐਕਟ (Anand Marriage Act) ਸਭ ਤੋਂ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਵਿੱਚ 1909 ਵਿੱਚ ਲਾਗੂ ਕੀਤਾ ਗਿਆ ਸੀ, ਪਰ ਉਦੋਂ ਕਈ ਥਾਵਾਂ ‘ਤੇ ਲਾਗੂ ਨਹੀਂ ਕੀਤਾ ਜਾ ਸਕਿਆ ਸੀ। ਬਾਅਦ ਵਿੱਚ ਜਦੋਂ ਸੁਪਰੀਮ ਕੋਰਟ ਨੇ ਸਾਰੇ ਧਰਮਾਂ ਲਈ ਵਿਆਹ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਤਾਂ ਸਿੱਖ ਭਾਈਚਾਰੇ ਨੇ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਦੀ ਮੰਗ ਉਠਾਈ।

ਹੁਣ ਤੱਕ ਸਿੱਖ ਵਿਆਹ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰਡ ਹੁੰਦੇ ਰਹੇ ਹਨ। ਯੂਪੀਏ ਸਰਕਾਰ ਦੌਰਾਨ ਸਾਲ 2012 ਵਿੱਚ ਸੰਸਦ ਨੇ ਆਨੰਦ ਮੈਰਿਜ (ਸੋਧ) ਬਿੱਲ ਪਾਸ ਕੀਤਾ ਸੀ, ਜਿਸ ਨੂੰ ਉਸੇ ਸਾਲ 7 ਜੂਨ ਨੂੰ ਰਾਸ਼ਟਰਪਤੀ ਤੋਂ ਮਨਜ਼ੂਰੀ ਵੀ ਮਿਲ ਗਈ ਸੀ। ਪੰਜਾਬ ਵਿੱਚ ਇਹ ਐਕਟ 2016 ਵਿੱਚ ਨੋਟੀਫਾਈ ਕੀਤਾ ਗਿਆ ਸੀ। ਸਿੱਖ ਧਰਮ ਵਿੱਚ ਵਿਆਹ ਨੂੰ ਆਨੰਦ ਕਾਰਜ ਕਿਹਾ ਜਾਂਦਾ ਹੈ। ਆਨੰਦ ਕਾਰਜ ਵਿੱਚ ਸਿੱਖਾਂ ਦਾ ਵਿਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਚਾਰ ਫੇਰੇ ਜਾਂ ਲਾਵਾਂ ਲੈ ਕੇ ਸੰਪੰਨ ਹੁੰਦਾ ਹੈ।

ਪੰਜਾਬ ‘ਚ ਹੁਣ ਤੱਕ ਕਿਉਂ ਲਾਗੂ ਨਹੀਂ ਹੋਇਆ ?

ਪੰਜਾਬ ਵਿੱਚ ਅਜੇ ਤੱਕ ਆਨੰਦ ਮੈਰਿਜ ਐਕਟ ਲਾਗੂ ਨਹੀਂ ਹੋਇਆ ਹੈ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਨੂੰ ਲਾਗੂ ਕਰ ਦਿੱਤਾ ਹੈ। ਆਨੰਦ ਕਾਰਜ ਐਕਟ-1909 ਹਰਿਆਣਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ, ਰਾਜਸਥਾਨ ਅਤੇ ਦਿੱਲੀ ਸਮੇਤ ਦੇਸ਼ ਦੇ 22 ਰਾਜਾਂ ਵਿੱਚ ਲਾਗੂ ਕੀਤਾ ਜਾ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਆਨੰਦ ਕਾਰਜ ਐਕਟ ਸਾਲ 2016 ਵਿੱਚ ਪੰਜਾਬ ਵਿੱਚ ਤਤਕਾਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਹੋਂਦ ਵਿੱਚ ਆਇਆ ਸੀ ਪਰ ਇਸ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ।

ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੀ ਇਸ ਨੂੰ ਲਾਗੂ ਨਹੀਂ ਕਰ ਸਕੀ। ਮੌਜੂਦਾ ਭਗਵੰਤ ਮਾਨ ਸਰਕਾਰ ਨੇ ਨਵੰਬਰ 2022 ਵਿੱਚ ਇਸ ਨੂੰ ਸੂਬੇ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਸੀ। ਰਾਜ ਸਰਕਾਰ ਨੇ ਆਨੰਦ ਕਾਰਜ ਮੈਰਿਜ ਐਕਟ ਵਿੱਚ ਸੋਧ ਕਰਨ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਪਰ ਮਾਮਲਾ ਅਜੇ ਲਟਕਿਆ ਹੋਇਆ ਹੈ।

Scroll to Top