ਚੰਡੀਗੜ੍ਹ, 03 ਜੂਨ 2023: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਇੱਕ ਸਰਕਾਰੀ ਪਨਬੱਸ (PUNBUS) ਦੀ ਬੱਸ ਪੁਲ ਦੇ ਪਿੱਲਰ ਨਾਲ ਟਕਰਾ ਗਈ। ਹਾਦਸਾ ਪੀਏਯੂ ਗੇਟ ਨੰਬਰ 1 ਦੇ ਬਾਹਰ ਵਾਪਰਿਆ ਹੈ । ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ, ਜਿਸ ਕਾਰਨ ਬੱਸ ਕੰਟਰੋਲ ਗੁਆ ਬੈਠੀ ਅਤੇ ਪਿੱਲਰ ਨਾਲ ਟਕਰਾ ਗਈ। ਬੱਸ ‘ਚ 70 ਸਵਾਰੀਆਂ ਸਵਾਰ ਸਨ, ਜਿਨ੍ਹਾਂ ‘ਚੋਂ 15-20 ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਡਰਾਈਵਰ ਦੇ ਪੱਟ ‘ਤੇ ਸੱਟ ਲੱਗੀ।
ਦੂਜੇ ਪਾਸੇ ਬੱਸ ਦੇ ਕੰਡਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਬੱਸ ਫਿਰੋਜ਼ਪੁਰ ਤੋਂ ਪਟਿਆਲਾ ਲੈ ਕੇ ਜਾ ਰਹੇ ਸੀ। ਲੁਧਿਆਣਾ ‘ਚ ਪੀਏਯੂ ਨੰਬਰ 2 ਦੇ ਗੇਟ ‘ਤੇ ਸਵਾਰੀਆਂ ਨੂੰ ਉਤਾਰ ਕੇ ਅੱਗੇ ਵਧਣ ਤੋਂ ਬਾਅਦ ਅਚਾਨਕ ਬੱਸ ‘ਚੋਂ ਜ਼ੋਰਦਾਰ ਆਵਾਜ਼ ਆਈ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਟਾਇਰ ਫਟ ਗਿਆ ਹੈ, ਪਰ ਬਾਅਦ ਵਿਚ ਪਤਾ ਲੱਗਾ ਕਿ ਪਟਾ ਟੁੱਟ ਗਿਆ ਸੀ। ਦੂਜੇ ਪਾਸੇ ਟਰੈਫਿਕ ਪੁਲਿਸ ਅਨੁਸਾਰ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਨ੍ਹਾਂ ਦਾ ਇਲਾਜ ਕਰ ਕਰਵਾਇਆ ਜਾ ਰਿਹਾ ਹੈ।