ਐਸ.ਏ.ਐਸ.ਨਗਰ, 08 ਅਗਸਤ 2023: ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ 15 ਅਗਸਤ, 2023 ਨੂੰ ਦੁਪਹਿਰ 12:00 ਵਜੇ ਆਜ਼ਾਦੀ ਦਿਹਾੜੇ (Independence Day) ਨੂੰ ਸਮਰਪਿਤ ਆਨਲਾਈਨ ਕੁਇਜ਼ ਕਰਵਾਇਆ ਜਾਵੇਗਾ। ਇਸ ਦੌਰਾਨ ਭਾਰਤ ਦੀ ਆਜ਼ਾਦੀ, ਸੰਵਿਧਾਨ ਅਤੇ ਭਾਰਤ ਦੇ ਚੋਣ ਕਮਿਸ਼ਨ ਨਾਲ ਸਬੰਧਤ ਸਵਾਲ ਪੁੱਛੇ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਨਕਦ ਇਨਾਮ ਪ੍ਰਾਪਤ ਕਰਨ। ਜੇਤੂਆਂ ਨੂੰ ਪਹਿਲਾ ਇਨਾਮ 1500 ਰੁਪਏ, ਦੂਜਾ ਇਨਾਮ 1200 ਰੁਪਏ, ਤੀਜਾ ਇਨਾਮ 1000 ਰੁਪਏ ਅਤੇ ਪ੍ਰਮਾਣ ਪੱਤਰ ਦਿੱਤੇ ਜਾਣਗੇ।
ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਨਿਯਮ ਅਤੇ ਸ਼ਰਤਾਂ ਤਹਿਤ ਕੁੱਲ 50 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਫੇਸਬੁੱਕ ਅਤੇ ਟਵਿਟਰ ‘ਤੇ ਕੁਇਜ਼ ਦਾ ਲਿੰਕ ਸਵੇਰੇ 11:50 ‘ਤੇ ਸਾਂਝਾ ਕੀਤਾ ਜਾਵੇਗਾ। ਕੁਇਜ਼ ਨਿਰਧਾਰਤ ਸਮੇਂ ਦੇ ਅੰਦਰ ਹੀ ਪੂਰਾ ਕਰਨਾ ਹੋਵੇਗਾ ਅਤੇ 30 ਮਿੰਟ ਤੋਂ ਬਾਅਦ ਕੁਇਜ਼ ਦਾ ਜਵਾਬ ਸਬਮਿਟ ਨਹੀਂ ਕੀਤਾ ਜਾ ਸਕੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਇੱਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ।