July 2, 2024 10:05 pm
ਕਾਲੀ ਦਸਤਾਰ ਦਿਵਸ

10 ਦਸੰਬਰ ਨੂੰ ਕੌਮਾਂਤਰੀ ਮਨੁੱਖ ਹੱਕ ਦਿਹਾੜੇ ਨੂੰ ਕਾਲੀ ਦਸਤਾਰ ਦਿਵਸ ਵੱਜੋਂ ਮਨਾਉਣ ਦਾ ਸੱਦਾ

ਅੰਮ੍ਰਿਤਸਰ, 8 ਦਸੰਬਰ 2023: ਦੁਨੀਆ ਭਰ ਵਿਚ ਵੱਸਦਾ ਸਿੱਖ ਭਾਈਚਾਰਾ ਇਸ ਵੇਲੇ ਬਿਖੜੇ ਹਲਾਤਾਂ ਵਿਚੋਂ ਗੁਜ਼ਰ ਰਿਹਾ ਹੈ। ਇਸ ਵੇਲੇ ਸਿੱਖਾਂ ਉੱਤੇ ਕੀਤੇ ਜਾਂਦੇ ਜ਼ੁਲਮਾਂ ਦਾ ਦਾਇਰਾ ਸੰਸਾਰ ਭਰ ਤੱਕ ਵਧਿਆ ਹੈ। ਹਾਲ ਹੀ ਵਿਚ ਅਮਰੀਕਾ, ਕੈਨੇਡਾ, ਪਾਕਿਸਤਾਨ ਅਤੇ ਇੰਗਲੈਂਡ ਵਿਚ ਸਿੱਖ ਕਾਰਕੁਨਾਂ ਦੇ ਕਤਲ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ 1984 ਵਿਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਅਤੇ 1980-90ਵਿਆਂ ਦੌਰਾਨ ਪੰਜਾਬ ਵਿਚ ਕੀਤੇ ਗਏ ਮਨੁੱਖਤਾ ਖਿਲਾਫ ਜ਼ੁਰਮਾਂ ਪਿੱਛੇ ਕੰਮ ਕਰਦੀ ‘ਨਸਲਕੁਸ਼ੀ ਦੀ ਤਰੰਗ’ (ਜਿਨੋਸਾਈਲ ਇਮਪਲਸ) ਮੁੜ ਜ਼ੋਰ ਫੜ੍ਹ ਰਹੀ ਹੈ।

ਇਸ ਦੇ ਮੱਦੇਨਜ਼ਰ ਸਿੱਖ ਕਾਰਕੁੰਨਾਂ ਵੱਲੋਂ 10 ਦਸੰਬਰ ਨੂੰ ਸਿੱਖ ਇੱਕਮੁਠਤਾ ਦੇ ਪ੍ਰਗਟਾਵੇ ਲਈ “ਕਾਲੀ ਦਸਤਾਰ ਦਿਵਸ” ਦਾ ਸੱਦਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਯੁਨਾਇਟਡ ਨੇਸ਼ਨਜ਼ ਵੱਲੋਂ 10 ਦਸੰਬਰ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ। ਯੂ.ਐਨ. ਨੇ ਇਸ ਵਾਰ ਸਾਲ 2023 ਲਈ ਇਹ ਦਿਹਾੜੇ ਦਾ ਮਨੋਰਥ “ਸਭਨਾ ਲਈ ਅਜ਼ਾਦੀ, ਬਰਾਬਰੀ ਅਤੇ ਨਿਆਂ” ਮਿੱਥਿਆ ਹੈ। ਸਿੱਖ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇਹ ਸੱਦਾ ਦਿੱਤਾ ਹੈ ਕਿ ਸਿੱਖਾਂ ਵਿਰੁੱਧ ਜ਼ੁਲਮਾਂ ਵਿਰੁੱਧ ਰੋਹ ਦਾ ਪ੍ਰਗਟਾਵਾ ਕਰਨ ਲਈ ਅਤੇ ਸਵੈ-ਨਿਰਣੇ ਦੇ ਹੱਕ ਸਮੇਤ ਸਿੱਖਾਂ ਦੇ ਸਮੂਹਿਕ ਹੱਕਾਂ ਦੇ ਪ੍ਰਗਟਾਵੇ ਲਈ ਇਕਜੁਟ ਹੋਈਏ।

ਉਹਨਾ ਕਿਹਾ ਕਿ ਅਸੀਂ ਸੰਸਾਰ ਭਰ ਵਿਚ ਵੱਸਦੇ ਸਿੱਖਾਂ ਨੂੰ ਬੇਨਤੀ ਕਰਦੇ ਹਾਂ ਕਿ ਆਉਂਦੀ 10 ਦਸੰਬਰ ਨੂੰ ਕਾਲੀਆਂ ਦਸਤਾਰਾਂ ਤੇ ਪੱਗਾਂ ਬੰਨ੍ਹ ਕੇ ਅਤੇ ਬੀਬੀਆਂ ਕਾਲੀਆਂ ਚੁੰਨੀਆਂ ਤੇ ਦੁਪੱਟੇ ਲੈ ਕੇ ਸਿੱਖਾਂ ਦੀ ਆਪਸੀ ਏਕਤਾ ਪ੍ਰਗਟਾਵਾ ਕਰਨ ਅਤੇ ਸਿੱਖਾਂ ਖਿਲਾਫ ਜ਼ੁਰਮਾਂ ਦਾ ਵਿਰੋਧ ਕਰਨ। ਸਮੂਹ ਨਿਆਂ ਪਸੰਦ ਲੋਕ ਸਿੱਖਾਂ ਨਾਲ ਹਮਦਰਦੀ ਦੇ ਪ੍ਰਗਟਾਵੇ ਵੱਜੋਂ ਸੱਜੀ ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਸ ਮੁਹਿੰਮ ਦਾ ਸਾਥ ਦੇਣ।

ਉਹਨਾ ਸਮੁੱਚੇ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਨੂੰ ਕਾਲੀ ਦਸਤਾਰ ਦਿਵਸ ਵਜੋਂ ਮਨਾ ਕੇ ਅਸੀਂ ਇਕ ਅਜਿਹਾ ਪ੍ਰਤੀਕ ਸਿਰਜੀਏ ਕਿ ਦੁਨੀਆ ਵਿਚ ਸਿੱਖ ਵਿਰੋਧੀ ਨੀਤੀਆਂ ਉਜਾਗਰ ਹੋਣ ਤੇ ਸੰਸਾਰ ਦੇ ਇਨਸਾਫ ਪਸੰਦ ਲੋਕ ਸਾਡਾ ਸਾਥ ਦੇ ਸਕਣ।

ਵਕੀਲ ਮੰਝਪੁਰ ਨੇ ਕਿਹਾ ਕਿ ਸਾਰੇ ਵੀਰ 10 ਦਸੰਬਰ 2023 ਨੂੰ ਕਾਲੀਆਂ ਦਸਤਾਰਾਂ ਸਜਾਉਣ ਤੇ ਕਾਲੀਆਂ ਪੱਗਾਂ ਬੰਨਣ। ਭੈਣਾਂ ਕਾਲੇ ਦੁਪੱਟੇ ਲੈਣ। ਆਪਣੇ ਕਿੱਤੇ ਦੌਰਾਨ ਵਰਦੀ ਪਾਉਣ ਵਾਲੇ ਸਿੱਖ ਸੱਜੀ ਬਾਂਹ ਉੱਤੇ ਕਾਲੀ ਪੱਟੀ ਬੰਨ ਕੇ ਇਕਜੁਟਤਾ ਦਾ ਪ੍ਰਗਟਾਵਾ ਕਰਨ। ਸਮੂਹ ਸਿੱਖ ਜਥੇਬੰਦੀਆਂ, ਜਥੇ, ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਪਰਦਾਵਾਂ ਇਸ ਮੁਹਿੰਮ ਦਾ ਸਾਥ ਦੇਣ। ਜਿੱਥੇ ਵੀ ਸੰਭਵ ਹੋਵੇ 10 ਦਸੰਬਰ ਵਾਲੇ ਦਿਨ ਸਥਾਨਕ ਪੱਧਰ ਉੱਤੇ ਇਕੱਤਰਤਾ ਕੀਤੀ ਜਾਵੇ ਤੇ ਇਸ ਇਕਜੁਟਤਾ ਦੀਆਂ ਤਸਵੀਰਾਂ/ਵੀਡੀਓ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਸਾਂਝੀਆਂ ਕਰਨ ਦੀ ਅਪੀਲ ਕੀਤੀ ਹੈ ।

ਉਹਨਾ ਕਿਹਾ ਕਿ ਸਮੂਹ ਸਿੱਖ ਆਪਣੀਆਂ ਸੋਸ਼ਲ ਮੀਡੀਆਂ ਪੋਸਟਾਂ ਵਿਚ #BlackTurbanDay ਤੰਦ ਜ਼ਰੂਰ ਸ਼ਾਮਲ ਕਰੋ ਅਤੇ ਇਹਨਾ ਸੁਨੇਹਿਆਂ ਵਿਚ ਸਥਾਨਕ ਅਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਤੇ ਅਦਾਰਿਆਂ ਨਾਲ ਜੋੜਨ ਦੀ ਅਪੀਲ ਕੀਤੀ ਹੈ |