July 8, 2024 1:36 am
ਕਿਸਾਨ ਅੰਦੋਲਨ

ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ ਭਲਕੇ ਹੋਵੇਗੀ ਅਹਿਮ ਬੈਠਕ

ਚੰਡੀਗੜ੍ਹ, 14 ਫਰਵਰੀ 2024: ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਰਹੀ ਹੈ | ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ ਭਲਕੇ ਤੀਜੇ ਦੌਰ ਦੀ ਗੱਲਬਾਤ ਹੋਵੇਗੀ | ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਬੈਠਕ ਭਲਕੇ  ਚੰਡੀਗੜ੍ਹ ਵਿਖੇ ਸ਼ਾਮ ਪੰਜ ਵਜੇ ਹੋਵੇਗੀ | ਕਿਸਾਨ ਆਗੂਆਂ ਨੇ ਅਪੀਲ ਕੀਤੀ ਹੈ ਕਿ ਕਿਸੇ ਤਰ੍ਹਾਂ ਦਾ ਮਾਹੌਲ ਖ਼ਰਾਬ ਨਾ ਹੋਵੇ, ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇ | ਭਲਕੇ ਚੰਡੀਗੜ੍ਹ ਵਿੱਚ ਹੋਣ ਵਾਲੀ ਬੈਠਕ ਵਿੱਚ ਕੇਂਦਰ ਦੀ ਤਰਫ਼ੋਂ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ, ਪੀਯੂਸ਼ ਗੋਇਲ ਅਤੇ ਨਿਤਿਆਨੰਦ ਰਾਏ ਹਾਜ਼ਰ ਰਹਿਣਗੇ।

ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸਾਨੂੰ ਬੀਤੀ ਰਾਤ ਹੀ ਗੱਲਬਾਤ ਦਾ ਸੁਨੇਹਾ ਮਿਲਿਆ ਸੀ। ਜਿਸ ਤੋਂ ਬਾਅਦ ਅਸੀਂ ਦੋਵਾਂ ਮੰਚਾਂ ਨੇ ਗੱਲਬਾਤ ਕੀਤੀ। ਜਦੋਂ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਨੇ ਗੱਲ ਕਰਨੀ ਹੈ ਤਾਂ ਸਾਨੂੰ ਵੀ ਗੱਲ ਕਰਨੀ ਚਾਹੀਦੀ ਹੈ।ਇਸਦੇ ਨਾਲ ਕਿਸਾਨ ਆਗੂਆਂ ਨੇ ਇੱਕ ਨਿਊਜ਼ ਚੈੱਨਲ ਦੇ ਪੱਤਰਕਾਰ ਨਾਲ ਹੋਈ ਕੁੱਟਮਾਰ ਦੇ ਮਾਮਲੇ ‘ਚ ਮੁਆਫ਼ੀ ਮੰਗੀ ਹੈ |

ਪੰਧੇਰ ਨੇ ਕਿਹਾ ਕਿ ਸ਼ਾਂਤੀ ਨਾਲ ਬੈਠੇ ਲੋਕਾਂ ‘ਤੇ ਡਰੋਨ ਤੋਂ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਕੇਂਦਰ ਜਾਣਬੁੱਝ ਕੇ ਕਿਸਾਨਾਂ ਨੂੰ ਭੜਕਾ ਰਿਹਾ ਹੈ। ਅਸੀਂ ਦੇਖਾਂਗੇ ਕਿ ਭਲਕੇ ਦੀ ਬੈਠਕ ਵਿੱਚ ਕੀ ਫੈਸਲਾ ਲਿਆ ਜਾਂਦਾ ਹੈ, ਉਸ ਤੋਂ ਬਾਅਦ ਅਸੀਂ ਤੁਹਾਨੂੰ ਅੰਦੋਲਨ ਬਾਰੇ ਭਵਿੱਖ ਬਾਰੇ ਦੱਸਾਂਗੇ।