ਚੰਡੀਗੜ੍ਹ, 05 ਸਤੰਬਰ 2023: ਮੱਧ ਪ੍ਰਦੇਸ਼ ਸਮੇਤ 5 ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਗਠਜੋੜ ਇੰਡੀਆ (India Alliance) ਨੇ ਆਪਣੀ ਪ੍ਰਚਾਰ ਕਮੇਟੀ ਦੀ ਪਹਿਲੀ ਬੈਠਕ ਸੱਦੀ ਹੈ। ਇਹ ਮੀਟਿੰਗ ਦਿੱਲੀ ਦੇ ਮਿਲਾਪ ਬਿਲਡਿੰਗ ਵਿੱਚ ਸ਼ਾਮ 5 ਵਜੇ ਤੋਂ ਹੋਵੇਗੀ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੁੰਬਈ ‘ਚ 28 ਵਿਰੋਧੀ ਪਾਰਟੀਆਂ ਨਾਲ ਬੈਠਕ ‘ਚ ਕਿਹਾ ਸੀ ਕਿ ਗਠਜੋੜ ਦੇ ਆਗੂ ਇਸ ਮਹੀਨੇ ਤੋਂ ਚੋਣ ਪ੍ਰਚਾਰ ਸ਼ੁਰੂ ਕਰਨਗੇ। 21 ਮੈਂਬਰੀ ਪ੍ਰਚਾਰ ਕਮੇਟੀ ਦੀ ਅੱਜ ਦੀ ਮੀਟਿੰਗ ਵਿੱਚ ਆਗੂ ਇਸ ਮੁੱਦੇ ’ਤੇ ਅਗਲੇਰੀ ਵਿਉਂਤਬੰਦੀ ਕਰਨਗੇ।
ਇਸ ਤੋਂ ਇਲਾਵਾ ਗਠਜੋੜ (India Alliance) ਨੇ 13 ਸਤੰਬਰ ਨੂੰ 14 ਮੈਂਬਰੀ ਤਾਲਮੇਲ ਕਮੇਟੀ ਦੀ ਮੀਟਿੰਗ ਵੀ ਬੁਲਾਈ ਹੈ। ਇਹ ਬੈਠਕ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਦੇ ਦਿੱਲੀ ਸਥਿਤ ਘਰ ‘ਤੇ ਹੋਵੇਗੀ। 1 ਸਤੰਬਰ ਨੂੰ ਮੁੰਬਈ ‘ਚ ਹੋਈ ਬੈਠਕ ‘ਚ ਗਠਜੋੜ ਨੇ 5 ਕਮੇਟੀਆਂ ਬਣਾਈਆਂ ਸਨ। ਇਨ੍ਹਾਂ ਵਿੱਚ ਮੁਹਿੰਮ ਕਮੇਟੀ, ਤਾਲਮੇਲ/ਰਣਨੀਤੀ ਕਮੇਟੀ, ਮੀਡੀਆ, ਸੋਸ਼ਲ ਮੀਡੀਆ ਅਤੇ ਖੋਜ ਕਮੇਟੀ ਸ਼ਾਮਲ ਹਨ।