ਚੰਡੀਗੜ੍ਹ, 02 ਜੂਨ 2024: ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ। ਐਗਜ਼ਿਟ ਪੋਲ ਦੇ ਨਤੀਜਿਆਂ ‘ਚ ਭਾਜਪਾ ਨੂੰ ਭਾਰੀ ਬਹੁਮਤ ਦਿੱਤਾ ਗਿਆ ਹੈ। ਇਸ ਦੌਰਾਨ ਕਾਂਗਰਸ (Congress) ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਪਾਰਟੀ ਉਮੀਦਵਾਰਾਂ ਨਾਲ ਅਹਿਮ ਬੈਠਕ ਕਰਨਗੇ। ਇਹ ਬੈਠਕ ਚੋਣ ਨਤੀਜਿਆਂ ਸਬੰਧੀ ਵਰਚੁਅਲ ਤਰੀਕੇ ਨਾਲ ਹੋਵੇਗੀ। ਇਸ ਬੈਠਕ ਤੋਂ ਬਾਅਦ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਦੁਪਹਿਰ ਨੂੰ ਪਾਰਟੀ ਦੇ ਚੋਟੀ ਦੇ ਆਗੂਆਂ ਨਾਲ ਰਣਨੀਤਕ ਬੈਠਕ ਕਰਨਗੇ।
ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ ਨਾਲ ਪਾਰਟੀ ਦੇ ਚੋਟੀ ਦੇ ਆਗੂਆਂ ਦੀ ਬੈਠਕ ‘ਚ ਸ਼ਾਮਲ ਹੋਣ ਵਾਲੇ ਆਗੂਆਂ ‘ਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਚਿਨ ਪਾਇਲਟ ਅਤੇ ਹੋਰ ਸ਼ਾਮਲ ਹਨ। ਇਸ ਬੈਠਕ ਵਿੱਚ 4 ਜੂਨ ਨੂੰ ਹੋਣ ਵਾਲੀ ਗਿਣਤੀ ਵਾਲੇ ਦਿਨ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕਾਂਗਰਸ (Congress) ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਇੰਡੀਆ ਗਠਜੋੜ ਦੀ ਬੈਠਕ ਵੀ ਹੋਈ ਸੀ। ਇਸ ਬੈਠਕ ਤੋਂ ਬਾਅਦ ਗਠਜੋੜ ਦੇ ਆਗੂਆਂ ਨੇ 295 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕੀਤਾ। ਹਾਲਾਂਕਿ ਐਗਜ਼ਿਟ ਪੋਲ ਦੇ ਨਤੀਜਿਆਂ ‘ਚ ਵਿਰੋਧੀ ਗਠਜੋੜ ਨੂੰ ਸਿਰਫ 150 ਦੇ ਕਰੀਬ ਸੀਟਾਂ ਹੀ ਮਿਲੀਆਂ ਹਨ।