ਚੰਡੀਗੜ੍ਹ, 9 ਮਈ 2024: ਪਹਿਲੀ ਵਾਰ ਭਾਰਤ ਦਾ ਦੌਰਾ ਕਰ ਰਹੇ ਮਾਲਦੀਵ (Maldives) ਦੇ ਵਿਦੇਸ਼ ਮੰਤਰੀ ਮੂਸਾ ਜਮੀਰ ਨੇ ਆਪਣੇ ਭਾਰਤੀ ਹਮਰੁਤਬਾ ਡਾਕਟਰ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਕਿਹਾ ਕਿ ਇਸ ਨੇ ਸਾਨੂੰ ਵੱਖ-ਵੱਖ ਖੇਤਰਾਂ ਵਿੱਚ ਆਪਣੇ ਦ੍ਰਿਸ਼ਟੀਕੋਣਾਂ ਦੇ ਆਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨ ਦੇ ਯੋਗ ਬਣਾਇਆ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀ ਗੱਲਬਾਤ ਦੀ ਸ਼ੁਰੂਆਤ ‘ਚ ਹੀ ਮਾਲਦੀਵ (Maldives) ਨੂੰ ਤਿੱਖਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ, ‘ਇਸ ਗੱਲ ‘ਤੇ ਸਹਿਮਤ ਹੋਣਾ ਸਾਡੇ ਸਾਂਝੇ ਹਿੱਤ ਵਿਚ ਹੈ ਕਿ ਅਸੀਂ ਆਪਣੇ ਸਬੰਧਾਂ ਨੂੰ ਬਿਹਤਰ ਤਰੀਕੇ ਨਾਲ ਅੱਗੇ ਕਿਵੇਂ ਲਿਜਾ ਸਕਦੇ ਹਾਂ।’
ਮੂਸਾ ਨੂੰ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਨਜ਼ਦੀਕੀ ਗੁਆਂਢੀ ਹੋਣ ਦੇ ਨਾਤੇ ਸਾਡੇ ਸਬੰਧਾਂ ਦਾ ਵਿਕਾਸ ਸਪੱਸ਼ਟ ਤੌਰ ‘ਤੇ ਆਪਸੀ ਹਿੱਤਾਂ ਅਤੇ ਆਪਸੀ ਸੰਵੇਦਨਸ਼ੀਲਤਾ ‘ਤੇ ਆਧਾਰਿਤ ਹੈ। ਉਨ੍ਹਾਂ ਕਿਹਾ, ਜਿੱਥੋਂ ਤੱਕ ਮਾਲਦੀਵ ਨਾਲ ਭਾਰਤ ਦੇ ਸਬੰਧਾਂ ਦਾ ਸਵਾਲ ਹੈ, ਇਹ ਸਾਡੀ ਨੇਬਰ ਫਸਟ ਨੀਤੀ ਅਤੇ ਸਾਗਰ ਪਹੁੰਚ ‘ਤੇ ਆਧਾਰਿਤ ਹੈ। ਜੈਸ਼ੰਕਰ ਨੇ ਕਿਹਾ, ‘ਮੈਨੂੰ ਉਮੀਦ ਹੈ ਕਿ ਸਾਡੀ ਅੱਜ ਦੀ ਬੈਠਕ ਸਫਲ ਰਹੇਗੀ।’
ਤੁਹਾਨੂੰ ਦੱਸ ਦਈਏ ਕਿ ਭਾਰਤ ਹਿੰਦ ਮਹਾਸਾਗਰ ਵਿੱਚ ਆਪਸੀ ਸਮੁੰਦਰੀ ਸਹਿਯੋਗ ਲਈ ਸਕਿਉਰਟੀ ਐਂਡ ਗ੍ਰੋਥ ਫਾਰ ਆਲ ਇੰਨ ਦਿ ਰੀਜ਼ਨ (SAGAR) ਦੀ ਨੀਤੀ ਦਾ ਪਾਲਣ ਕਰਦਾ ਹੈ। ਇਹ ਖੇਤਰ ਵਿੱਚ ਸਭ ਲਈ ਸੁਰੱਖਿਆ ਅਤੇ ਵਿਕਾਸ (SAGAR) ਲਈ ਖੜ੍ਹਾ ਹੈ। ਵਿਦੇਸ਼ ਮੰਤਰੀ ਮੂਸਾ ਦਾ ਭਾਰਤ ਦੌਰਾ ਇਸ ਲਿਹਾਜ਼ ਨਾਲ ਵੀ ਅਹਿਮ ਹੈ ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਅਤੇ ਮਾਲਦੀਵ ਦੇ ਸਬੰਧ ਠੀਕ ਨਹੀਂ ਹਨ।
ਦੂਜੇ ਪਾਸੇ ਮਾਲਦੀਵ (Maldives) ਦੇ ਰਾਸ਼ਟਰਪਤੀ ਨੇ ਆਪਣੀ ਚੋਣ ਮੁਹਿੰਮ ‘ਚ ‘ਇੰਡੀਆ ਆਊਟ’ ਵਰਗੇ ਨਾਅਰੇ ਲਾਏ, ਉਥੇ ਹੀ ਉਨ੍ਹਾਂ ਦੇ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਕਸ਼ਦੀਪ ਦੌਰੇ ‘ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਇਸ ਤੋਂ ਬਾਅਦ ਸੈਰ-ਸਪਾਟਾ ਆਧਾਰਿਤ ਦੇਸ਼ ਮਾਲਦੀਵ ਨੂੰ ਸੋਸ਼ਲ ਮੀਡੀਆ ‘ਤੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ।