ਲੁਧਿਆਣਾ ਨਗਰ ਨਿਗਮ

ਲੁਧਿਆਣਾ ਨਗਰ ਨਿਗਮ ਦੇ ਟੈਂਡਰਾਂ ‘ਚ 22.83 ਕਰੋੜ ਦਾ ਕਥਿਤ ਘਪਲਾ ਮਾਮਲਾ

ਲੁਧਿਆਣਾ 23 ਅਗਸਤ 2023: ਲੁਧਿਆਣਾ ਨਗਰ ਨਿਗਮ (Ludhiana Municipal Corporation) ਦੇ ਦੋ ਟੈਂਡਰਾਂ ਵਿੱਚ ਕਥਿਤ ਗੜਬੜੀ ਦਾ ਮਾਮਲਾ ਸਾਹਮਣੇ ਆਇਆ | ਨਗਰ ਨਿਗਮ ਵੱਲੋਂ ਕੁਝ ਸਮਾਂ ਪਹਿਲਾਂ ਦੋ ਟੈਂਡਰ ਕੱਢੇ ਗਏ | ਇਨ੍ਹਾਂ ਵਿੱਚ ਇੱਕ ਟੈਂਡਰ 72 ਕਰੋੜ ਅਤੇ ਇੱਕ 82 ਕਰੋੜ ਦਾ ਸੀ | ਇਸ ਮਾਮਲੇ ਨੂੰ ਲੈ ਕੇ ਮੁੱਖ ਸਕੱਤਰ ਪੰਜਾਬ ਅਨੁਰਾਗ ਵਰਮਾ ਨੂੰ ਸ਼ਿਕਾਇਤ ਮਿਲੀ, ਇਹ ਸ਼ਿਕਾਇਤ ‘ਵਾਹ ਕੌਂਗ ਕੰਟਰਕਸਨ’ ਕੰਪਨੀ ਵੱਲੋਂ ਕੀਤੀ ਗਈ, ਜਿਸ ਵਿੱਚ ਦੋਸ਼ ਲਗਾਇਆ ਗਿਆ ਕਿ ਇਸ ਟੈਂਡਰ ਰਾਹੀਂ ਨਗਰ ਨਿਗਮ ਨੂੰ ਕਥਿਤ 22.83 ਕਰੋੜ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ |

‘ਵਾਹ ਕੌਂਗ ਕੰਟ੍ਰਕਸ਼ਨ ਇੰਡੀਆ’ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮੁਤਾਬਕ ਉਨ੍ਹਾਂ ਦੇ ਦਸਤਾਵੇਜ਼ਾਂ ਵਿੱਚ ਕੁਝ ਤਕਨੀਕੀ ਖਾਮੀਆਂ ਕਾਰਨ ਇਹ ਟੈਂਡਰ ਕਿਸੇ ਹੋਰ ਠੇਕੇਦਾਰ ਨੂੰ ਦੇ ਦਿੱਤਾ ਗਿਆ | ਕੰਪਨੀ ਮੁਤਾਬਕ ਇਹ ਟੈਂਡਰ ਉਸ ਵੱਲੋਂ 22.83 ਕਰੋੜ ਰੁਪਏ ਘੱਟ ਰੇਟ ‘ਤੇ ਪਾਇਆ ਗਿਆ ਸੀ | ਪਰ ਟੈਂਡਰ ਵੱਧ ਰੇਟ ‘ਤੇ ਕਿਸੇ ਹੋਰ ਠੇਕੇਦਾਰ ਨੂੰ ਦੇ ਦਿੱਤਾ ਹੈ |

ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਥਾਨਕਾਂ ਸਰਕਾਰਾਂ, ਸਕੱਤਰ ਅਜੋਏ ਸ਼ਰਮਾ ਨੂੰ 01 ਅਗਸਤ 2023 ਨੂੰ ਹੁਕਮ ਦਿੱਤੇ ਗਏ ਅਤੇ ਕਮਿਸ਼ਨਰ ਸ਼ੇਨਾ ਅਗਰਵਾਲ ਅਤੇ ਵਧੀਕ ਕਮਿਸ਼ਨਰ ਆਦਿਤਿਆ ਦਚਲਵਾਲ ਖ਼ਿਲਾਫ਼ ਹੋਈ ਸ਼ਿਕਾਇਤ ਦੀ ਜਾਂਚ ਰਿਪੋਰਟ ਮੰਗੀ ਗਈ, ਜਾਂਚ ਰਿਪੋਰਟ ਨਾ ਮਿਲਣ ਕਾਰਨ 10 ਅਗਸਤ 2023 ਅਤੇ ਫਿਰ 14 ਅਗਸਤ 2023 ਨੂੰ ਪੱਤਰ ਜਾਰੀ ਕੀਤਾ ਗਿਆ ਅਤੇ ਜਾਂਚ ਕਰਕੇ ਰਿਪੋਰਟ ਇੱਕ ਹਫਤੇ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ | ਪਰ ਵਾਰ-ਵਾਰ ਪੱਤਰ ਜਾਰੀ ਹੋਣ ‘ਤੇ ਅਜੋਏ ਸ਼ਰਮਾ ਨੇ ਰਿਪੋਰਟ ਨਹੀਂ ਸੌਂਪੀ | ਮੁੱਖ ਸਕੱਤਰ ਪੰਜਾਬ ਵੱਲੋਂ ਆਖ਼ਰੀ ਵਾਰ 22 ਅਗਸਤ ਨੂੰ ਪੱਤਰ ਜਾਰੀ ਕਰਕੇ ਜਾਂਚ ਰਿਪੋਰਟ ਕਰਵਾਉਣ ਜਮ੍ਹਾਂ ਲਈ ਕਿਹਾ ਗਿਆ |

ਮੁੱਖ ਸਕੱਤਰ ਅਨੁਰਾਗ ਵਰਮਾ ਨੇ ਜਾਂਚ ਰਿਪੋਰਟ ਨਾ ਮਿਲਣ ‘ਤੇ ਤਾੜਨਾ ਕਰਦਿਆਂ ਕਿਹਾ ਕਿ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਗਰਾਨੀ ਹੇਠ ਹੈ | ਇਸਦੇ ਨਾਲ ਹੀ ਉਨ੍ਹਾਂ ਨੇ ਇਸ ਕਥਿਤ ਘਪਲੇ ਦੀ ਜਾਂਚ ਰਿਪੋਰਟ 23 ਅਗਸਤ ਤੱਕ ਜਮ੍ਹਾਂ ਕਰਵਾਉਣ ਲਈ ਕਿਹਾ |

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬੀਤੀ 22 ਅਗਸਤ ਨੂੰ ਨਗਰ ਨਿਗਮ, ਲੁਧਿਆਣਾ ਦੀ ਕਮਿਸ਼ਨਰ, ਆਈ.ਏ.ਐੱਸ ਸ਼ੇਨਾ ਅਗਰਵਾਲ ਅਤੇ ਨਗਰ ਨਿਗਮ, ਲੁਧਿਆਣਾ (Ludhiana Municipal Corporation) ਦੇ ਵਧੀਕ ਕਮਿਸ਼ਨਰ ਆਦਿਤਿਆ ਦਚਲਵਾਲ ਦਾ ਤਬਾਦਲਾ ਕਰ ਦਿੱਤਾ ਗਿਆ | ਭਰੋਸੇਯੋਗ ਸੂਤਰਾਂ ਦੇ ਮੁਤਾਬਕ ਇਸ ਕਥਿਤ ਘਪਲੇ ਮਾਮਲੇ ਦੇ ਸੰਦਰਭ ਵਿੱਚ ਹੀ ਕਮਿਸ਼ਨਰ ਐੱਸ ਸ਼ੇਨਾ ਅਗਰਵਾਲ ਅਤੇ ਵਧੀਕ ਕਮਿਸ਼ਨਰ ਆਦਿਤਿਆ ਦਚਲਵਾਲ ਦਾ ਤਬਾਦਲਾ ਕੀਤਾ ਗਿਆ ਹੈ | ਹਾਲਾਂਕਿ ਪੰਜਾਬ ਸਰਕਾਰ ਵੱਲੋਂ ਵਿਭਾਗੀ ਪੱਧਰ’ ਤੇ ਰੂਟੀਨ ਵਿੱਚ ਸਮੇਂ-ਸਮੇਂ ‘ਤੇ ਫੇਰਬਦਲ ਕੀਤਾ ਜਾਂਦਾ ਹੈ |

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲਾ ਸੰਬੰਧੀ ਜਾਂਚ ਮੁਕੰਮਲ ਹੋ ਚੁੱਕੀ ਹੈ ਅਤੇ ਜਾਂਚ ਰਿਪੋਰਟ ਛੇਤੀ ਹੀ ਮੁੱਖ ਸਕੱਤਰ ਪੰਜਾਬ ਨੂੰ ਸੌਂਪ ਦਿੱਤੀ ਜਾਵੇਗੀ, ਜਿਸ ‘ਤੇ ਮੁੱਖ ਸਕੱਤਰ ਅਨੁਰਾਗ ਵਰਮਾ ਸਖ਼ਤ ਕਾਰਵਾਈ ਕਰਨਗੇ | ਜਦੋਂ ਇਸ ਕਰੋੜਾਂ ਦੇ ਕਥਿਤ ਘਪਲੇ ਮਾਮਲੇ ਵਿੱਚ ਮੁੱਖ ਸਕੱਤਰ ਪੰਜਾਬ, ਅਨੁਰਾਗ ਵਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਅਜੇ ਤੱਕ ਉਨ੍ਹਾਂ ਨੂੰ ਕੋਈ ਜਾਂਚ ਰਿਪੋਰਟ ਨਹੀਂ ਮਿਲੀ | ਅਨੁਰਾਗ ਵਰਮਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵਿੱਢੀ ਗਈ ਹੈ, ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ |

Scroll to Top