June 30, 2024 11:59 pm
Jalandhar

ਜਲੰਧਰ ‘ਚ ਟਰੱਕ ਯੂਨੀਅਨ ਤੇ ਪੁਲਿਸ ਦੀ ਬੈਠਕ ‘ਚ ਬਣੀ ਸਹਿਮਤੀ, ਪੁਲਿਸ ਵੱਲੋਂ ਹੈਪੀ ਸੰਧੂ ਰਿਹਾਅ

ਜਲੰਧਰ, 03 ਜਨਵਰੀ 2024: ਜਲੰਧਰ (Jalandhar) ਵਿੱਚ ਅੱਜ ਟਰੱਕ ਅਪਰੇਟਰ ਯੂਨੀਅਨ ਵੱਲੋਂ ਮੁੜ ਧਰਨਾ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ ਸੀ । ਇਸ ਦਾ ਸਮਾਂ ਸਵੇਰੇ 11 ਵਜੇ ਰਾਮਾਮੰਡੀ ਚੌਕ ਵਿਖੇ ਰੱਖਿਆ ਗਿਆ ਹੈ। ਉਧਰ ਹੜਤਾਲ ਦਾ ਸੱਦਾ ਦੇਣ ਵਾਲੇ ਉੱਤਰੀ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੂੰ ਕਮਿਸ਼ਨਰੇਟ ਪੁਲਿਸ ਨੇ ਧਰਨੇ ਵਾਲੀ ਥਾਂ ਤੋਂ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਰਾਮਾਮੰਡੀ ਨੇੜੇ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ। ਪਰ ਬਾਅਦ ਦੁਪਹਿਰ ਕਰੀਬ 1.45 ਵਜੇ ਪੁਲਿਸ ਨਾਲ ਹੋਈ ਬੈਠਕ ਵਿੱਚ ਸਹਿਮਤੀ ਬਣ ਗਈ ਅਤੇ ਪੁਲਿਸ ਨੇ ਹੈਪੀ ਸੰਧੂ ਨੂੰ ਰਿਹਾਅ ਕਰ ਦਿੱਤਾ।

ਪ੍ਰਦਰਸ਼ਨ ਦੀ ਖ਼ਬਰ ਫੈਲਦੇ ਹੀ ਪੂਰੇ ਸ਼ਹਿਰ ਵਿੱਚ ਫਿਰ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਉਧਰ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਹੈ ਕਿ ਸ਼ਹਿਰ (Jalandhar) ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰੋਸ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ। ਯੂਨੀਅਨ ਦੇ ਪ੍ਰਧਾਨ ਨਾਲ ਗੱਲਬਾਤ ਹੋਈ ਹੈ। ਅਧਿਕਾਰੀਆਂ ਨਾਲ ਬੈਠਕ ਕਰਕੇ ਸਹਿਮਤੀ ‘ਤੇ ਪਹੁੰਚ ਗਏ ਹਨ।

ਜਿਕਰਯੋਗ ਹੈ ਕਿ ਉੱਤਰੀ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਮੰਗਲਵਾਰ ਸ਼ਾਮ ਨੂੰ ਬਿਆਨ ਦਿੱਤਾ ਸੀ ਕਿ ਹੜਤਾਲ ਖ਼ਤਮ ਨਹੀਂ ਕੀਤੀ ਗਈ ਹੈ। ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਹਿੱਟ ਐਂਡ ਰਨ ਕਾਨੂੰਨ ਵਾਪਸ ਨਹੀਂ ਲੈਂਦੀ। ਜਿਸ ਤੋਂ ਬਾਅਦ ਸਵੇਰੇ ਕਰੀਬ 11.30 ਵਜੇ ਜਦੋਂ ਯੂਨੀਅਨ ਪ੍ਰਧਾਨ ਆਪਣੇ ਲੋਕਾਂ ਨਾਲ ਧਰਨਾ ਦੇਣ ਲਈ ਰਾਮਾਂਡੀ ਚੌਂਕ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਉਥੋਂ ਹਿਰਾਸਤ ਵਿੱਚ ਲੈ ਲਿਆ।

ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਹੈਪੀ ਸੰਧੂ ਨੇ ਕਿਹਾ ਕਿ ਸਾਡੀ ਗੱਲਬਾਤ ਅਜੇ ਚੱਲ ਰਹੀ ਹੈ। ਹੁਣ ਬੈਠਕ ਖ਼ਤਮ ਹੋਣ ਤੋਂ ਬਾਅਦ ਪੁਲਿਸ ਅਤੇ ਟਰੱਕ ਯੂਨੀਅਨ ਵਿਚਾਲੇ ਸਮਝੌਤਾ ਹੋ ਗਿਆ ਹੈ। ਯੂਨੀਅਨ ਨੇ ਕਿਹਾ- ਪ੍ਰਸ਼ਾਸਨ ਨੇ ਸਾਡੇ ਵਿਚਾਰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ।