ਵੈਲੇਂਸੀਆ ਐਨਕਲੇਵ

ਵਕੀਲ ਵਰਿੰਦਰ ਸਿੰਘ ਸੰਧੂ ਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਿਚਾਲੇ ਹੋਇਆ ਸਮਝੌਤਾ

ਚੰਡੀਗੜ੍ਹ, 05 ਅਕਤੂਬਰ 2023: ਵਕੀਲ ਵਰਿੰਦਰ ਸਿੰਘ ਸੰਧੂ (Virinder Singh Sandhu) ਅਤੇ ਪੁਲਿਸ ਵਿਚਕਾਰ ਹੋਏ ਵਿਵਾਦ ‘ਚ ਨਵਾਂ ਮੋੜ ਆਇਆ ਹੈ | ਦੱਸਿਆ ਜਾ ਰਿਹਾ ਕਿ ਵਕੀਲ ਵਰਿੰਦਰ ਸਿੰਘ ਸੰਧੂ ਅਤੇ ਪੁਲਿਸ ਵਿਚਕਾਰ ਹੋਏ ਸਮਝੌਤੇ ਨੂੰ ਲੈ ਕੇ ਗੁੱਸੇ ‘ਚ ਆਏ ਸ੍ਰੀ ਮੁਕਤਸਰ ਸਾਹਿਬ ਦੇ ਵਕੀਲ ਭਾਈਚਾਰੇ ਨੇ ਵਕੀਲ ਵਰਿੰਦਰ ਸਿੰਘ ਸੰਧੂ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ‘ਚੋਂ ਬਾਹਰ ਕਰ ਦਿੱਤਾ ਹੈ ਅਤੇ ਬਾਰ ਕੌਂਸਲ ਪੰਜਾਬ ਹਰਿਆਣਾ ਨੂੰ ਉਕਤ ਵਕੀਲ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਿਕ ਪਿਛਲੇ ਦਿਨੀਂ ਵਕੀਲ ਵਰਿੰਦਰ ਸਿੰਘ ਨੇ ਗੰਭੀਰ ਇਲਜ਼ਾਮ ਲਗਾਏ ਸਨ ਜਿਸ ਤੋਂ ਬਾਅਦ ਪੁਲਿਸ ਦੇ ਐੱਸ.ਪੀ. ਰਮਨਦੀਪ ਸਿੰਘ ਭੁੱਲਰ, ਸੀ.ਆਈ.ਏ. ਇੰਚਾਰਜ਼ ਰਮਨ ਕੰਬੋਜ਼ ਸਮੇਤ ਛੇ ਜਣਿਆਂ ‘ਤੇ ਪਰਚਾ ਦਰਜ ਹੋਇਆ ਸੀ।

ਵਕੀਲ ਵਰਿੰਦਰ ਸਿੰਘ ਸੰਧੂ (Virinder Singh Sandhu) ਨੇ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਸ੍ਰੀ ਮੁਕਤਸਰ ਸਾਹਿਬ ਨੂੰ ਪੱਤਰ ਲਿਖਿਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਕੁਝ ਅਧਿਕਾਰੀਆਂ/ਕਰਮਚਾਰੀਆਂ ਨਾਲ ਮੇਰਾ ਵਿਵਾਦ ਹੋ ਗਿਆ ਸੀ। ਜਿਸ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ, ਸ੍ਰੀ ਮੁਕਤਸਰ ਸਾਹਿਬ, ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ, ਹਾਈਕੋਰਟ ਲਾਅ ਭਵਨ, ਚੰਡੀਗੜ੍ਹ, ਪ੍ਰਧਾਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ (ਰਜਿ), ਸੈਕਟਰ-1, ਚੰਡੀਗੜ੍ਹ ਅਤੇ ਸਮੂਹ ਵਕੀਲ ਭਾਈਚਾਰੇ ਦਾ ਮੈਂ ਧੰਨਵਾਦੀ ਹਾਂ ਜੋ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਸਨ।

ਜੋ ਹੁਣ ਮੇਰਾ ਮੁਕਦਮਾ ਨੰਬਰ 145 ਮਿਤੀ 25/09/2023 ਅ/ਧ 377,342,323, 149,506 ਹਿੰ.ਦੰ. ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਵਿਚ ਮਹਿਕਮਾ ਪੁਲਿਸ ਦੇ ਸਾਰੇ ਦੋਸ਼ੀ ਅਧਿਕਾਰੀਆਂ/ਕਰਮਚਾਰੀਆਂ ਨਾਲ ਗਿਲਾ ਸ਼ਿਕਵਾ ਦੂਰ ਹੋ ਗਿਆ ਹੈ। ਇਸ ਮਸਲੇ ਵਿੱਚ ਆਪ ਵੱਲੋਂ ਦਿੱਤੇ ਗਏ ਸਾਥ ਦਾ ਮੈਂ ਕੋਟਿ-ਕੋਟਿ ਧੰਨਵਾਦ ਕਰਦਾ ਹਾਂ |

ਇਸ ਸਾਰੇ ਘਟਨਾ ਚੱਕਰ ਕਾਰਨ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ. ਜੋ ਉਸ ਸਮੇਂ ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਵਜੋਂ ਤਾਇਨਾਤ ਸਨ, ਉਹਨਾਂ ਦਾ ਤਬਾਦਲਾ ਹੋਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਾਸਤੇ ਬਹੁਤ ਹੀ ਮੰਦਭਾਗਾ ਹੈ। ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ. ਇੱਕ ਮਿਹਨਤੀ, ਇਮਾਨਦਾਰ ਅਤੇ ਇੰਨਸਾਫ ਪਸੰਦ ਪੁਲਿਸ ਅਫਸਰ ਵਜੋ ਜਾਣੇ ਜਾਂਦੇ ਹਨ, ਇਸ ਘਟਨਾ ਕਰਕੇ ਉਹਨਾਂ ਦਾ ਤਬਾਦਲਾ ਹੋ ਜਾਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਲਈ ਬਹੁਤ ਹੀ ਘਾਟੇ ਦੀ ਗੱਲ ਹੈ, ਮੈਂ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਗਿੱਲ ਦਾ ਮਾਣ-ਸਨਮਾਨ ਬਹਾਲ ਕੀਤਾ ਜਾਵੇ। ਮੈਂ ਪ੍ਰਮਾਤਮਾ ਅੱਗੇ ਉਹਨਾਂ ਦੀ ਚੜਦੀ ਕਲਾ ਦੀ ਅਰਦਾਸ ਕਰਦਾ ਹਾਂ ਅਤੇ ਕਾਮਨਾਂ ਕਰਦਾ ਹਾਂ ਕਿ ਗਿੱਲ ਸਾਹਿਬ ਭਵਿੱਖ ਵਿੱਚ ਵੀ ਇਸ ਜੋਸ਼ ਅਤੇ ਤਨਦੇਹੀ ਨਾਲ ਪਬਲਿਕ ਦੀ ਸੇਵਾ ਕਰਦੇ ਰਹਿਣਗੇ।

Virinder Singh Sandhu

 

Scroll to Top