elevated bridge

ਲੁਧਿਆਣਾ ‘ਚ ਐਲੀਵੇਟਿਡ ਪੁਲ ਦੀ ਕੰਧ ਦੀ ਸਲੈਬ ਡਿੱਗਣ ਕਾਰਨ ਹਾਦਸਾ ਟਲਿਆ, ‘ਆਪ’ MLA ਨੇ ਠੇਕੇਦਾਰ ਖ਼ਿਲਾਫ਼ ਕੀਤੀ ਕਾਰਵਾਈ

ਚੰਡੀਗੜ੍ਹ, 19 ਫਰਵਰੀ 2024: ਲੁਧਿਆਣਾ ਵਿੱਚ ਐਲੀਵੇਟਿਡ ਪੁਲ (elevated bridge) ਦੀ ਕੰਧ ਦੀ ਸਲੈਬ ਡਿੱਗਣ ਕਾਰਨ ਵੱਡਾ ਹਾਦਸਾ ਹੁੰਦਿਆਂ ਟਲ ਗਿਆ | ਵਿਧਾਇਕ ਗੁਰਪ੍ਰੀਤ ਗੋਗੀ ਨੇ ਇਸ ਮਾਮਲੇ ਵਿੱਚ ਐਨ.ਐੱਚ.ਏ.ਆਈ (NHAI) ਅਧਿਕਾਰੀਆਂ ਨੂੰ ਮੌਕੇ ‘ਤੇ ਸੱਦ ਲਿਆ। ਵਿਧਾਇਕ ਗੋਗੀ ਪੁਲ ਬਣਾਉਣ ਵਾਲੀ ਕੰਪਨੀ ਅਤੇ ਉਸ ਦੇ ਠੇਕੇਦਾਰ ਦੀ ਜਾਂਚ ਕਰਵਾਉਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਸਲੈਬ 40 ਫੁੱਟ ਦੀ ਉਚਾਈ ਤੋਂ ਡਿੱਗੀ ਹੈ। ਐਤਵਾਰ ਹੋਣ ਕਾਰਨ ਆਵਾਜਾਈ ਘੱਟ ਸੀ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਕਰੀਬ 700 ਕਰੋੜ ਰੁਪਏ ਦੀ ਲਾਗਤ ਨਾਲ ਇਹ ਪੁਲ 7 ਸਾਲਾਂ ਵਿੱਚ ਬਣਾਇਆ ਗਿਆ ਸੀ।

ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਦੱਸਿਆ ਕਿ ਅੱਜ ਐਲੀਵੇਟਿਡ ਪੁਲ (elevated bridge) ਬਣਾਉਣ ਵਾਲੇ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਪੁਲ ‘ਤੇ ਵਰਤੇ ਗਏ ਮਟੀਰੀਅਲ ਦੀ ਵੀ ਜਾਂਚ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੀ ਕੁਆਲਿਟੀ ਦੀ ਸਮੱਗਰੀ ਵਰਤੀ ਗਈ ਹੈ। ਗੋਗੀ ਨੇ ਦੱਸਿਆ ਕਿ ਅੱਜ ਐਨਐਚਏਆਈ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ ਗਿਆ ਸੀ।

ਗੋਗੀ ਨੇ ਦੱਸਿਆ ਕਿ ਐਨ.ਐੱਚ.ਏ.ਆਈ (NHAI) ਦੇ ਪ੍ਰੋਜੈਕਟ ਡਾਇਰੈਕਟਰ ਅਸ਼ੋਕ ਕੁਮਾਰ ਨਾਲ ਵੀ ਗੱਲਬਾਤ ਹੋਈ ਹੈ। ਇਸ ਨਾਲ ਐਨ.ਐੱਚ.ਏ.ਆਈ ਦੇ ਅਧਿਕਾਰੀਆਂ ‘ਤੇ ਵੀ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਇਹ ਪੁਲ 700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ ਪਰ ਇਹ 7 ਦਿਨਾਂ ਦੇ ਅੰਦਰ ਹੀ ਟੁੱਟਣਾ ਸ਼ੁਰੂ ਹੋ ਗਿਆ ਹੈ। ਜੇਕਰ ਸਲੈਬ ਕਿਸੇ ਰਾਹਗੀਰ ‘ਤੇ ਡਿੱਗ ਜਾਂਦੀ ਤਾਂ ਉਸ ਦੀ ਜਾਨ ਜਾ ਸਕਦੀ ਸੀ। ਗੋਗੀ ਨੇ ਕਿਹਾ ਕਿ ਜੇਕਰ ਪੁਲ ਦਾ ਕੰਮ ਅਜੇ ਵੀ ਅਧੂਰਾ ਹੈ ਤਾਂ ਇਸ ਨੂੰ ਨਾ ਚਲਾਇਆ ਜਾਵੇ।

ਵਿਧਾਇਕ ਗੋਗੀ ਨੇ ਕਿਹਾ ਕਿ ਉਹ ਵਿਭਾਗ ਨੂੰ ਲਿਖਣਗੇ ਕਿ ਐਲੀਵੇਟਿਡ ਪੁਲ ਬਣਾਉਣ ਵਾਲੀ ਕੰਪਨੀ ਦੇ ਠੇਕੇਦਾਰ ਨੂੰ ਪੂਰੀ ਅਦਾਇਗੀ ਨਾ ਕੀਤੀ ਜਾਵੇ। ਪੁਲ ਦਾ ਸਾਰੇ ਪਾਸਿਆਂ ਤੋਂ ਤਕਨੀਕੀ ਨਿਰੀਖਣ ਕੀਤਾ ਜਾਵੇਗਾ।

Scroll to Top