ਚੰਡੀਗੜ੍ਹ, 14 ਦਸੰਬਰ 2023: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇੱਕ ਨੌਜਵਾਨ ਦੇ ਥੱਪੜ ਜੜ ਦਿੱਤਾ ਹੈ। ਦਰਅਸਲ ਉਕਤ ਨੌਜਵਾਨ ਦੇ ਹੱਥ ‘ਚ ਗਾਂਜੇ ਨਾਲ ਭਰੀ ਨਸ਼ੀਲੀ (drug) ਸਿਗਰਟ ਦੇਖ ਕੇ ‘ਆਪ’ ਵਿਧਾਇਕ ਗੁੱਸੇ ‘ਚ ਆ ਗਿਆ। ਇਸ ਥੱਪੜ ਦੀ ਵੀਡੀਓ ਲੁਧਿਆਣਾ ਵਿੱਚ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਦੌਰਾਨ ਨੌਜਵਾਨ ਕਹਿੰਦਾ ਰਿਹਾ ਕਿ ਨਾ ਤਾਂ ਉਸਦੀ ਵੀਡੀਓ ਬਣਾਓ ਅਤੇ ਨਾ ਹੀ ਵਾਇਰਲ ਕਰੋ। ਨੌਜਵਾਨ ਨੂੰ ਹੱਸਦਾ ਦੇਖ ਕੇ ਵਿਧਾਇਕ ਨੂੰ ਗੁੱਸਾ ਆ ਗਿਆ ਸੀ ।
ਜਾਣਕਾਰੀ ਅਨੁਸਾਰ ਹਲਕਾ ਆਤਮਾ ਨਗਰ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਹੈਲਪ ਵੈਨ ਇਲਾਕੇ ‘ਚ ਘੁੰਮ ਰਹੀ ਸੀ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਨੇ ਸ਼ਿਕਾਇਤ ਕੀਤੀ ਕਿ ਲੁਧਿਆਣਾ ਦੇ ਵਾਰਡ ਨੰਬਰ 40 ਵਿੱਚ ਕੁਝ ਨੌਜਵਾਨ ਖੁੱਲ੍ਹੇਆਮ ਚਿੱਟੇ ਦਾ ਸੇਵਨ ਕਰਦੇ ਹਨ। ਨੌਜਵਾਨ ਗਾਂਜੇ ਨਾਲ ਭਰੀਆਂ ਸਿਗਰਟਾਂ ਵੀ ਪੀਂਦੇ ਹਨ।
ਇਸ ਤੋਂ ਬਾਅਦ ‘ਆਪ’ ਵਿਧਾਇਕ ਨੇ ਪੁਲਿਸ ਟੀਮ ਨਾਲ ਛਾਪੇਮਾਰੀ ਕੀਤੀ ਤਾਂ ਮੌਕੇ ‘ਤੇ 15 ਤੋਂ 20 ਦੇ ਕਰੀਬ ਨੌਜਵਾਨ ਨਸ਼ੇ (drug) ‘ਚ ਧੁੱਤ ਪਾਏ ਗਏ | ਪੁਲਿਸ ਟੀਮ ਨੂੰ ਦੇਖ ਕੇ ਸਾਰੇ ਨੌਜਵਾਨ ਬਾਈਕ ‘ਤੇ ਭੱਜ ਗਏ ਪਰ ਇਕ ਨੌਜਵਾਨ ਨੂੰ ਵਿਧਾਇਕ ਕੁਲਵੰਤ ਸਿੱਧੂ ਨੇ ਫੜ ਲਿਆ। ਜਦੋਂ ਵਿਧਾਇਕ ਨੇ ਉਸ ਨੌਜਵਾਨ ਨੂੰ ਨਸ਼ੇ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਉਸ ਨੂੰ ਆਦਤ ਦੱਸੀ ਅਤੇ ਹੱਸਣ ਲੱਗ ਪਿਆ। ਗੁੱਸੇ ‘ਚ ਆ ਕੇ ਵਿਧਾਇਕ ਸਿੱਧੂ ਨੇ ਨੌਜਵਾਨ ਨੂੰ ਥੱਪੜ ਮਾਰ ਦਿੱਤਾ ।
ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਇਲਾਕੇ ਵਿੱਚ ਨਾ ਤਾਂ ਨਸ਼ੇ ਹੋਣ ਦਿੱਤੇ ਜਾਣਗੇ ਅਤੇ ਨਾ ਹੀ ਵੇਚਣ ਦਿੱਤੇ ਜਾਣਗੇ। ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਵਾਰਡ ਨੰਬਰ 40 ਵਿੱਚ ਨਸ਼ਾ ਤਸਕਰਾਂ ਦੀ ਸੂਚੀ ਤਿਆਰ ਕੀਤੀ ਜਾਵੇ। ਇਲਾਕੇ ‘ਚ ਨਸ਼ਾ ਵੇਚਣ ਵਾਲੇ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।