ਚੰਡੀਗੜ੍ਹ, 03 ਜੂਨ 2024: ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਮੂਲ ਦੁੱਧ (Amul milk) ਮਹਿੰਗਾ ਹੋ ਗਿਆ ਹੈ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਕਿਹਾ ਕਿ ਦੁੱਧ ਦੀ ਸੰਚਾਲਨ ਅਤੇ ਉਤਪਾਦਨ ਦੀ ਸਮੁੱਚੀ ਲਾਗਤ ਵਿੱਚ ਵਾਧੇ ਦੇ ਮੱਦੇਨਜ਼ਰ ਸੋਮਵਾਰ ਤੋਂ ਅਮੂਲ ਦੁੱਧ ਦੀਆਂ ਕਿਸਮਾਂ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਦੇਸ਼ ਭਰ ਦੇ ਸਾਰੇ ਬਾਜ਼ਾਰਾਂ ‘ਚ ਅਮੂਲ ਦੁੱਧ ਦੇ ਪਾਊਚ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਵਧ ਜਾਵੇਗੀ।
GCMMF ਅਮੂਲ ਬ੍ਰਾਂਡ ਦੇ ਤਹਿਤ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਦਾ ਹੈ। ਜੀਸੀਐਮਐਮਐਫ ਦੇ ਮੈਨੇਜਿੰਗ ਡਾਇਰੈਕਟਰ ਜਯਨ ਮਹਿਤਾ ਨੇ ਕਿਹਾ ਕਿ ਅਮੂਲ ਬ੍ਰਾਂਡ (Amul milk) ਦੇ ਤਹਿਤ ਹਰ ਕਿਸਮ ਦੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਪਿਛਲੀ ਵਾਰ ਜੀਸੀਐਨਐਮਐਫ ਨੇ ਫਰਵਰੀ 2023 ਵਿੱਚ ਦੁੱਧ ਦੀ ਕੀਮਤ ਵਿੱਚ ਵਾਧਾ ਕੀਤਾ ਸੀ। ਮਹਿਤਾ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਵਧੀ ਹੋਈ ਉਤਪਾਦਨ ਲਾਗਤ ਦੀ ਭਰਪਾਈ ਕਰਨ ਲਈ ਇਹ ਵਾਧਾ ਜ਼ਰੂਰੀ ਹੈ।