ਚੰਡੀਗੜ੍ਹ, 25 ਅਪ੍ਰੈਲ 2025: ਪੰਜਾਬ ‘ਚ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ (Amritsar Police) ਅਤੇ ਨਗਰ ਨਿਗਮ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਅੰਮ੍ਰਿਤਸਰ ਦੇ ਮੁਸਤਫਾਬਾਦ ਇਲਾਕੇ ‘ਚ ਪੁਲਿਸ ਮੁਤਾਬਕ ਨਸ਼ਾ ਤਸਕਰ ਸੋਨੂੰ ਮੋਟਾ ਦਾ ਘਰ ਢਾਹ ਦਿੱਤਾ । ਇਸ ਕਾਰਵਾਈ ਦੌਰਾਨ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ ਤਾਂ ਜੋ ਮੌਕੇ ‘ਤੇ ਕੋਈ ਤਣਾਅ ਦੀ ਸਥਿਤੀ ਪੈਦਾ ਨਾ ਹੋਵੇ।
ਸਦਰ ਪੁਲਿਸ ਸਟੇਸ਼ਨ ਅਧੀਨ ਆਉਂਦੇ ਮੁਸਤਫਾਬਾਦ ਖੇਤਰ ‘ਚ ਨਗਰ ਨਿਗਮ ਦੀ ਟੀਮ ਨੇ ਪੁਲਿਸ ਦੀ ਮੌਜੂਦਗੀ ‘ਚ ਸੋਨੂੰ ਮੋਟਾ ਅਤੇ ਉਸਦੀ ਮਾਂ ਜੋਗਿੰਦਰ ਕੌਰ ਦੇ ਘਰ ਨੂੰ ਢਾਹ ਦਿੱਤਾ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੋਨੂੰ ਮੋਟਾ ਅਤੇ ਉਸਦੀ ਮਾਂ ਵਿਰੁੱਧ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ ਅਤੇ ਹੁਣ ਉਨ੍ਹਾਂ ਦੀਆਂ ਗੈਰ-ਕਾਨੂੰਨੀ ਉਸਾਰੀਆਂ ‘ਤੇ ਬੁਲਡੋਜ਼ਰ ਵੀ ਚਲਾਏ ਜਾ ਰਹੇ ਹਨ।
ਪੁਲਿਸ (Amritsar Police) ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਪੁਲਿਸ ਨੂੰ ਦੇਣ। ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਅਜਿਹੇ ਲੋਕਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
Read More: ਅੰਮ੍ਰਿਤਸਰ ਪੁਲਿਸ ਨੇ ਪੁਲਿਸ ਕਾਂਸਟੇਬਲ ਸਮੇਤ ਦੋ ਜਣੇ ਕੀਤੇ ਗ੍ਰਿਫਤਾਰ, 46.91 ਲੱਖ ਰੁਪਏ ਬਰਾਮਦ